ਬੈਂਗਲੁਰੂ : 2026 ਦੇ ਗ੍ਰੈਜੂਏਟ ਬੈਚ ਦੇ ਦਾਖਲੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਦੇਸ਼ ਦੇ ਚੀਫ ਜਸਟਿਸ ਸੂਰੀਆ ਕਾਂਤ ਦੀ ਉਨ੍ਹਾਂ ਦੀ 34ਵੀਂ ਸਾਲਾਨਾ ਕਨਵੋਕੇਸ਼ਨ ਵਿੱਚ ਪ੍ਰਸਤਾਵਤ ਮੌਜੂਦਗੀ ‘ਤੇ ਇਤਰਾਜ਼ ਕਰਨ ਤੋਂ ਬਾਅਦ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ (ਐੱਨ ਐੱਲ ਐੱਸ ਆਈ ਯੂ) ਬੈਂਗਲੁਰੂ ਨੇ 2026 ਦੇ ਗ੍ਰੈਜੂਏਟ ਬੈਚ ਲਈ ਕਨਵੋਕੇਸ਼ਨ ਸਮਾਰੋਹ ਰੱਦ ਕਰ ਦਿੱਤਾ।
ਯੂਨੀਵਰਸਿਟੀ ਨੇ 3 ਅਗਸਤ ਨੂੰ ਇੱਕ ਈਮੇਲ ਭੇਜ ਕੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਸੀ ਕਿ ਸਮਾਰੋਹ 12 ਸਤੰਬਰ ਨੂੰ ਹੋਣਾ ਹੈ। ਹਾਲਾਂਕਿ, 27 ਅਗਸਤ ਦੇ ਇੱਕ ਨੋਟਿਸ ਵਿੱਚ ਹੁਣ ਐਲਾਨ ਕੀਤਾ ਗਿਆ ਹੈ ਕਿ ਨਾ ਟਾਲੇ ਜਾ ਸਕਣ ਵਾਲੇ ਹਾਲਾਤ ਕਾਰਨ ਕੋਈ ਕਨਵੋਕੇਸ਼ਨ ਨਹੀਂ ਕੀਤੀ ਜਾਵੇਗੀ।
ਯੂਨੀਵਰਸਿਟੀ ਨੇ ਕਿਹਾ ਸਾਰੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਗਵਰਨਿੰਗ ਬਾਡੀਜ਼ ਦੁਆਰਾ ਉਚਿਤ ਪ੍ਰਵਾਨਗੀ ਤੋਂ ਬਾਅਦ ਗੈਰਹਾਜ਼ਰੀ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਵਿਦਿਆਰਥੀ ਆਪਣੇ ਸਰਟੀਫਿਕੇਟ ਕੋਰੀਅਰ ਦੁਆਰਾ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਹਨ ਜਾਂ ਕੈਂਪਸ ਵਿੱਚ ਉਨ੍ਹਾਂ ਨੂੰ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਨੇ ਬਾਰ ਕੌਂਸਲ ਆਫ ਇੰਡੀਆ (ਬੀ ਸੀ ਆਈ) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਅਤੇ ਚੀਫ ਜਸਟਿਸ ਸੂਰੀਆ ਕਾਂਤ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ‘ਤੇ ਇਤਰਾਜ਼ ਕੀਤਾ ਸੀ।


