ਨਵੀਂ ਦਿੱਲੀ (ਨ ਜ਼ ਸ) – ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਆਪਣੇ ਸੰਗਠਨ ਦੇ ਵਿਸਤਾਰ ਲਈ ਵੱਡਾ ਕਦਮ ਚੁੱਕਦਿਆਂ ਤਿੰਨ ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਮੁਤਾਬਕ ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਉੱਥੇ ਹੀ ਸਿਆਸੀ ਖੋਜਕਰਤਾ ਤੇ ਫਿਲਮ ਨਿਰਮਾਤਾ ਵਿਜੇਤਾ ਦਹੀਆ ਅਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਤੇ ਜਨਤਕ ਮੰਚਾਂ ‘ਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ।
ਪਾਰਟੀ ਨੇ ਕਿਹਾ ਹੈ ਕਿ ਉਸ ਦਾ ਉਦੇਸ਼ ਭਾਰਤ ਦੀ ਸਿਆਸੀ ਚਰਚਾ ਵਿੱਚ ਬਦਲਾਅ ਲਿਆਉਣਾ ਹੈ ਅਤੇ ਇਹ ਜ਼ਿੰਮੇਵਾਰੀ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਰਾਹੀਂ ਅੱਗੇ ਵਧਾਈ ਜਾਵੇਗੀ। ਸੌਰਵ ਦਾਸ ਕਾਨੂੰਨੀ, ਨਿਆਂਇਕ ਅਤੇ ਸਮਾਜਿਕ ਮੁੱਦਿਆਂ ‘ਤੇ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਹਨ। ਸੰਗਠਨ ਨੇ ਉਨ੍ਹਾ ਨੂੰ ਨਵੰਬਰ 2025 ਵਿੱਚ ਇੰਡੀਆ ਗੇਟ ‘ਤੇ ਆਯੋਜਤ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸਿਹਰਾ ਵੀ ਦਿੱਤਾ ਹੈ। ਵਿਜੇਤਾ ਦਹੀਆ ਸਿਆਸੀ ਖੋਜ, ਲੇਖਣ ਅਤੇ ਫਿਲਮ ਨਿਰਮਾਣ ਨਾਲ ਜੁੜੇ ਰਹੇ ਹਨ। ਉਨ੍ਹਾ ਕਈ ਯੂਟਿਊਬ ਕੰਟੈਂਟ ਕ੍ਰਿਏਟਰਾਂ ਲਈ ਖੋਜ ਤੇ ਕੰਟੈਂਟ ਪ੍ਰੋਡਕਸ਼ਨ ਦਾ ਕੰਮ ਕੀਤਾ ਹੈ। ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਦਹੀਆ ‘ਪਾਵਰ ਆਫ ਯੂਨੀਵਰਸ’ ਅਤੇ ‘ਟੂ ਹੈਲ ਵਿਦ ਦੈਟ ਜੌਬ’ ਵਰਗੀਆਂ ਕਿਤਾਬਾਂ ਦੇ ਲੇਖਕ ਵੀ ਹਨ। ਆਸ਼ੂਤੋਸ਼ ਰਾਂਕਾ ਆਈ ਆਈ ਟੀ ਕਾਨਪੁਰ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ। ਉਹ ਪਹਿਲਾਂ ਗਲੋਬਲ ਕੰਸਲਟਿੰਗ ਕੰਪਨੀ ਦੇ ਲੰਡਨ ਦਫਤਰ ਵਿੱਚ ਕਾਰਜਸ਼ੀਲ ਸਨ। ਭਾਰਤ ਪਰਤਣ ਤੋਂ ਬਾਅਦ ਉਹ ਜੈਪੁਰ ਵਿੱਚ ਵਾਤਾਵਰਣ, ਸਿੱਖਿਆ ਅਤੇ ਨੌਜਵਾਨਾਂ ਨਾਲ ਜੁੜੀਆਂ ਮੁਹਿੰਮਾਂ ਵਿੱਚ ਸਰਗਰਮ ਰਹੇ ਹਨ।
ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਅਭਿਜੀਤ ਦੀਪਕੇ 6 ਜੂਨ ਨੂੰ ਭਾਰਤ ਪਰਤਣ ਵਾਲੇ ਹਨ। ਉਨ੍ਹਾ ਦਿੱਲੀ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪ੍ਰਦਰਸ਼ਨ ਦੌਰਾਨ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ।



