ਕੇਵਲ ਢਿੱਲੋਂ ਨੇ ਅਹੁਦਾ ਸੰਭਾਲਿਆ

0
7

ਚੰਡੀਗੜ੍ਹ (ਨ ਜ਼ ਸ) : ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੁੱਧਵਾਰ ਸੈਕਟਰ 37 ਸਥਿਤ ਸੂਬਾਈ ਦਫਤਰ ਵਿਖੇ ਆਪਣਾ ਅਹੁਦਾ ਸਾਂਭ ਲਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜੂਦ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ‘ਤੇ ਚੁੱਕੇ ਗਏ ਸਵਾਲਾਂ ਤੋਂ ਕੁਝ ਦਿਨਾਂ ਬਾਅਦ, ਉਨ੍ਹਾ ਦੀ ਪਤਨੀ ਪਰਨੀਤ ਕੌਰ ਨੇ ਨਵੇਂ ਪ੍ਰਧਾਨ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਸਟੇਜ ‘ਤੇ ਲੱਗੀ ਇੱਕ ਵੱਡੀ ਫ਼ਲੈਕਸ ਸ਼ੀਟ ਵਿੱਚ ਤਰੁਣ ਚੁੱਘ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਪ੍ਰਮੁੱਖਤਾ ਨਾਲ ਲਗਾਈ ਗਈ ਸੀ। ਇਸ ਤੋਂ ਲੱਗਦਾ ਹੈ ਕਿ ਮੱਤਭੇਦਾਂ ਦੇ ਬਾਵਜੂਦ ਪਾਰਟੀ ਕੈਪਟਨ ਨੂੰ ਕਿੰਨੀ ਅਹਿਮੀਅਤ ਦੇ ਰਹੀ ਹੈ।