ਨਵੀਂ ਦਿੱਲੀ (ਨ ਜ਼ ਸ)
ਸੀ ਬੀ ਐੱਸ ਈ ਦੇ ਪੇਪਰਾਂ ਦੀ ਆਨ ਸਕ੍ਰੀਨ ਮਾਰਕਿੰਗ (ਓ ਐੱਸ ਐੱਮ) ਦੇ ਸਕੈਂਡਲ ਨੂੰ ਬੇਨਕਾਬ ਕਰਨ ਵਾਲੇ ਤਿੰਨ ਨੌਜਵਾਨਾਂ ਵਿੱਚੋਂ ਇੱਕ ਸਾਰਥਕ ਸਿਧਾਂਤ ਨੇ ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਅੰਦੋਲਨ ਇੱਕ ਅਸਲੀ ਕਾਜ਼ ਨਾਲ ਚਲਾਇਆ ਜਾਵੇਗਾ, ਨਾ ਕਿ ਇੰਟਰਨੈੱਟ ‘ਤੇ ਧਿਆਨ ‘ਤੇ ਧਿਆਨ ਖਿੱਚਣ ਲਈ। ਉਸ ਨੇ ਕਿਹਾ ਕਿ ਵਿਦਿਆਰਥੀਆਂ ਦੇ ਰੋਹ ਨੂੰ ਅਰਥਪੂਰਨ ਐਕਸ਼ਨ ਵਿੱਚ ਬਦਲਣਾ ਪੈਣਾ ਹੈ। 17 ਸਾਲਾ ਸਾਰਥਕ ਸਿਧਾਂਤ ਨੇ ਭਾਰਤ ਦੇ ਚੀਫ ਜਸਟਿਸ ਦੀਆਂ ਹਾਲੀਆ ਟਿੱਪਣੀਆਂ ਦੇ ਵਿਅੰਗਮਈ ਜਵਾਬ ਵਜੋਂ ਵਾਇਰਲ ਆਨਲਾਈਨ ਅੰਦੋਲਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਿਆਸਤ ਨਹੀਂ ਕਰੇਗਾ, ਪਰ ਚਾਹੁੰਦਾ ਹੈ ਕਿ ਕਿਸੇ ਵੀ ਪਾਰਟੀ ਜਾਂ ਵਿਦਿਆਰਥੀਆਂ ਦੇ ਅੰਦੋਲਨ ਦਾ ‘ਅਸਲ ਕਾਰਨ’ ਸਪੱਸ਼ਟ ਹੋਣਾ ਚਾਹੀਦਾ ਹੈ।
ਖੋਜ ਤੋਂ ਪੈਦਾ ਹੋਣ ਵਾਲੇ ਕ੍ਰਿਆਵਾਦ (ਐਕਟੀਵਿਜ਼ਮ) ਅਤੇ ਸੋਸ਼ਲ ਮੀਡੀਆ-ਸੰਚਾਲਤ ਰੁਝਾਨਾਂ ਵਿਚਾਲੇ ਅੰਤਰ ਸਮਝਾਉਂਦਿਆਂ ਸਿਧਾਂਤ ਨੇ ਕਿਹਾ, ‘ਜਿਵੇਂ ਮੈਂ ਕੁਝ ਜਾਂਚ ਕੀਤੀ, ਨਿਸਰਗ ਨੇ ਕੁਝ ਜਾਂਚ ਕੀਤੀ—ਅਸੀਂ ਇਸ ਨੂੰ ਵਿਦਿਆਰਥੀਆਂ ਦੀ ਮਦਦ ਲਈ ਪੇਸ਼ ਕੀਤਾ।’
ਸਿਧਾਂਤ, ਵੇਦਾਂਤ ਅਤੇ ‘ਨੈਤਿਕ ਹੈਕਰ’ ਨਿਸਰਗ ਅਧਿਕਾਰੀ ਕਾਫੀ ਚਰਚਿਤ ਹੋਏ ਹਨ, ਜਿਨ੍ਹਾਂ 12ਵੀਂ ਜਮਾਤ ਦੀਆਂ ਮਾਰਕਸ਼ੀਟਾਂ ਵਿੱਚ ਖਾਮੀਆਂ ਦਾ ਪਤਾ ਲਗਾਉਣ ਤੋਂ ਬਾਅਦ ਓ ਐੱਸ ਐੱਮ ਮੁਲਾਂਕਣ ਪ੍ਰਣਾਲੀ ਵਿਚਲੀਆਂ ਸਮੱਸਿਆਵਾਂ ਨੂੰ ਉਭਾਰਿਆ ਹੈ। ਸਿਧਾਂਤ ਨੇ ਸਰਗਰਮੀ ਨੂੰ ਆਨਲਾਈਨ ਸਪੇਸ ਤੱਕ ਸੀਮਤ ਕਰਨ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਇੰਟਰਨੈੱਟ ਸਰਗਰਮੀ ਠੀਕ ਹੈ, ਪਰ ਪਿਛਲੀਆਂ ਸੀਟਾਂ ‘ਤੇ ਬੈਠਣਾ ਅਤੇ ਕੁਝ ਨਾ ਕਰਨਾ ਠੀਕ ਨਹੀਂ। ਉਹ ਸਿਰਫ ਆਨਲਾਈਨ ਖਿੱਚ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਅੰਦੋਲਨ ਦਾ ਸਮਰਥਨ ਨਹੀਂ ਕਰੇਗਾ।
ਸਿਧਾਂਤ ਨੇ ਪੇਪਰ ਚੈੱਕ ਕਰਨ ਲਈ ਕੇਂਦਰੀ ਜਨਤਕ ਖਰੀਦ ਪੋਰਟਲ ‘ਤੇ ਜਾਰੀ ਟੈਂਡਰ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਵਿੱਚ ਕਈ ਦਿਨ ਬਿਤਾਏ। ਸੀ ਬੀ ਐੱਸ ਈ ਦੀ ਪਾਸ ਪ੍ਰਤੀਸ਼ਤਤਾ ਵਿੱਚ ਗਿਰਾਵਟ ਦੇ ਕਾਰਨ ਓ ਐੱਸ ਐੱਮ ਸਿਸਟਮ ‘ਤੇ ਸਵਾਲ ਉੱਠਣ ਅਤੇ ਕੁਝ ਵਿਦਿਆਰਥੀਆਂ ਵੱਲੋਂ ਗਲਤੀਆਂ, ਮਿਸਮੈਚ ਅਤੇ ਮਿਕਸ-ਅਪ ਉਭਾਰਨ ਤੋਂ ਬਾਅਦ ਉਸ ਨੇ ਇਹ ਕੀਤਾ। ਸਿਧਾਂਤ ਨੇ ਸਾਹਮਣੇ ਲਿਆਂਦਾ ਕਿ ‘ਕੋਇਮਪਟ ਐਜੂਟੈਕ’ ਨੂੰ ਟੈਂਡਰ ਦੇਣ ਲਈ ਬੋਰਡ ਨੇ ਲਗਾਤਾਰ ਤਿੰਨ ਟੈਂਡਰ ਗੇੜਾਂ ਵਿੱਚ ਯੋਗਤਾ ਅਤੇ ਤਕਨੀਕੀ ਜ਼ਰੂਰਤਾਂ ਨੂੰ ਯੋਜਨਾਬੱਧ ਢੰਗ ਨਾਲ ਸੋਧਿਆ ਹੈ, ਜਿਸ ਨਾਲ ਅੰਤ ਵਿੱਚ ਹੈਦਰਾਬਾਦ ਦੀ ਕੋਇਮਪਟ ਐਜੂਟੈਕ ਪ੍ਰਾਈਵੇਟ ਲਿਮਟਿਡ ਨੂੰ ਫਾਇਦਾ ਹੋਇਆ। ਇਹ ਇੱਕ ਕਹਾਣੀ ਹੈ ਕਿ ਕਿਵੇਂ ਇੱਕ ਵਿਸ਼ਾਲ ਜਨਤਕ ਸੰਸਥਾ ਨੇ ਜਾਣਬੁੱਝ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਸਿਧਾਂਤ ਨੂੰ ਮੰਗਲਵਾਰ ਸਿੱਖਿਆ, ਮਹਿਲਾਵਾਂ, ਬੱਚਿਆਂ, ਯੁਵਾ ਅਤੇ ਖੇਡਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਸੱਦਿਆ ਸੀ, ਜਿੱਥੇ ਸਿਧਾਂਤ ਨੇ ਕਮੇਟੀ ਨੂੰ ਦੱਸਿਆ ਕਿ ਓ ਐੱਸ ਐੱਮ ਸਿਸਟਮ ਲਈ ਤਿੰਨ ਵੱਖ-ਵੱਖ ਟੈਂਡਰ ਜਾਰੀ ਕੀਤੇ ਗਏ। ਪਹਿਲਾ, ਫਰਵਰੀ 2025 ਵਿੱਚ ਜਾਰੀ ਕੀਤਾ ਗਿਆ, ਪਰ ਸਫਲ ਬੋਲੀਕਾਰ ਨਾ ਮਿਲਣ ‘ਤੇ ਰੱਦ ਕਰ ਦਿੱਤਾ ਗਿਆ। ਦੂਜਾ, ਮਈ 2025 ਵਿੱਚ ਜਾਰੀ ਕੀਤਾ ਗਿਆ, ਚਾਰ ਬੋਲੀਆਂ ਪ੍ਰਾਪਤ ਹੋਈਆਂ, ਪਰ ਕਿਸੇ ਦਾ ਟੈਂਡਰ ਪਾਸ ਨਹੀਂ ਕੀਤਾ ਗਿਆ। ਤੀਜਾ, ਅਗਸਤ 2025 ਵਿੱਚ ਜਾਰੀ ਕੀਤਾ ਗਿਆ। ਰੈਂਕਗੁਰੂ, ਟੀ ਸੀ ਐੱਸ ਅਤੇ ਕੋਇਮਪਟ ਨੇ ਬੋਲੀ ਦਿੱਤੀ। ਰੈਂਕਗੁਰੂ ਦੇ ਤਕਨੀਕੀ ਪੜਾਅ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਠੇਕਾ ਅੰਤ ਵਿੱਚ ਕੋਇਮਪਟ ਨੂੰ ਦਿੱਤਾ ਗਿਆ।




