ਚੋਰੀਆਂ ਤੋਂ ਅੱਕੇ ਕਿਸਾਨਾਂ ਦੀ ਚੋਰਾਂ ਨੂੰ ਪੇਸ਼ਕਸ਼

0
5

ਫਰੀਦਕੋਟ : ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਇੱਕ ਅਨੋਖਾ ਪਰ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰੀਆਂ ਤੋਂ ਪਰੇਸ਼ਾਨ ਕਿਸਾਨਾਂ ਨੇ ਸਿੱਧੇ ਚੋਰਾਂ ਨੂੰ ਹੀ ਇੱਕ ਜਨਤਕ ਅਪੀਲ ਜਾਰੀ ਕਰ ਦਿੱਤੀ ਹੈ। ਕਿਸਾਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਚੋਰ ਉਨ੍ਹਾਂ ਦੇ ਖੇਤਾਂ ਵਿੱਚੋਂ ਟਿਊਬਵੈੱਲ ਦੀਆਂ ਮੋਟਰਾਂ ਚੋਰੀ ਨਾ ਕਰਨ, ਬਲ ਕਿ ਉਸ ਦੇ ਬਦਲੇ ਯੂ ਪੀ ਆਈ ਰਾਹੀਂ ਸਿੱਧੇ ਪੈਸੇ ਲੈ ਲੈਣ। ਕਿਸਾਨਾਂ ਨੇ ਇਹ ਨਿਰਾਸ਼ਾਜਨਕ ਕਦਮ ਇੱਕੋ ਰਾਤ ਵਿੱਚ ਹੋਈ ਵੱਡੀ ਚੋਰੀ ਤੋਂ ਬਾਅਦ ਚੁੱਕਿਆ ਹੈ। ਇਸ ਵਾਰਦਾਤ ਦੌਰਾਨ ਚੋਰਾਂ ਨੇ ਪਿੰਡ ਦੇ ਖੇਤਾਂ ਵਿੱਚੋਂ 25 ਮੋਟਰਾਂ ਨੂੰ ਖੋਲ੍ਹ ਕੇ ਚੋਰੀ ਕਰ ਲਿਆ ਸੀ। ਵਾਰ-ਵਾਰ ਹੋਣ ਵਾਲੀ ਇਸ ਚੋਰੀ ਦੀ ਸਮੱਸਿਆ ਨੂੰ ਰੋਕਣ ਵਿੱਚ ਸਥਾਨਕ ਪੁਲੀਸ ਅਤੇ ਅਧਿਕਾਰੀਆਂ ਨਾਕਾਮ ਰਹੇ, ਤਾਂ ਕਿਸਾਨਾਂ ਦਾ ਉਨ੍ਹਾਂ ਤੋਂ ਭਰੋਸਾ ਉੱਠ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਰਲ ਕੇ ਇੱਕ ਪੋਸਟਰ ਤਿਆਰ ਕੀਤਾ, ਜੋ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਰਾਹੀਂ ਕਿਸਾਨਾਂ ਨੇ ਚੋਰਾਂ ਨੂੰ ਇੱਕ ਅਨੋਖੀ ਅਤੇ ਸਿੱਧੀ ਅਪੀਲ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਦੇ ਰੁਝੇਵੇਂ ਵਾਲੇ ਸੀਜ਼ਨ ਵਿੱਚ ਮੋਟਰਾਂ ਚੋਰੀ ਹੋਣ ਨਾਲ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਦੀ ਫ਼ਸਲ ਦਾ ਸਾਰਾ ਚੱਕਰ ਵਿਗੜ ਜਾਂਦਾ ਹੈ। ਚੋਰਾਂ ਵੱਲੋਂ ਮੋਟਰਾਂ ਤੋੜ ਕੇ ਉਨ੍ਹਾਂ ਨੂੰ ਕਬਾੜ ਦੇ ਭਾਅ ਬਹੁਤ ਸਸਤਾ ਵੇਚਣ ਦੀ ਬਜਾਏ, ਕਿਸਾਨਾਂ ਨੇ ਉਨ੍ਹਾਂ ਨੂੰ ਇੱਕ ਪੇਸ਼ਕਸ਼ ਦਿੱਤੀ ਹੈ। ਕਿਸਾਨਾਂ ਨੇ ਚੋਰਾਂ ਨੂੰ ਕਿਹਾ ਹੈ ਕਿ ਉਹ ਟਿਊਬਵੈੱਲ ਵਾਲੀ ਥਾਂ ‘ਤੇ ਇੱਕ ਸਕੈਨਰ ਲਗਾ ਦੇਣ। ਬਦਲੇ ਵਿੱਚ ਕਿਸਾਨ ਰਲ ਕੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਪਾ ਦਿਆ ਕਰਨਗੇ।