ਚੰਡੀਗੜ੍ਹ (ਨ ਜ਼ ਸ)-ਪੰਜਾਬ ਸੂਬਾ ਕੌਂਸਲ ਸੀ ਪੀ ਆਈ ਕਾਮਰੇਡ ਅਵਤਾਰ ਸਿੰਘ ਉਪਲ ਵਰਗੀ ਅਸੀਮ ਗੁਣਾਂ ਦੀ ਮਾਲਕ ਅਤੇ ਸੰਪੂਰਨ ਇਨਸਾਨੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਨ ਵਾਲੀ ਸ਼ਖ਼ਸੀਅਤ ਦੇ ਵਿਛੋੜੇ ਨੂੰ ਬੇਇਨਸਾਫੀਆਂ, ਗਰੀਬੀ, ਜ਼ਿਆਦਤੀਆਂ, ਆਰਥਿਕ ਅਤੇ ਸਮਾਜਿਕ ਸ਼ੋਸ਼ਣ ਦੇ ਪੀੜਤ ਅਤੇ ਅਨੇਕਾਂ ਹੋਰ ਮੁਸੀਬਤਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਇਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਮਝਦੀ ਹੈ। ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਸੂਬਾ ਐਗਜ਼ੈਕਟਿਵ ਮੈਂਬਰ ਗੁਰਨਾਮ ਕੰਵਰ ਨੇ ਕਿਹਾ ਕਿ ਬਰਤਾਨੀਆ ‘ਚ ਰਹਿੰਦੇ ਕਾਮਰੇਡ ਅਵਤਾਰ ਸਿੰਘ ਉਪਲ ਜਿੱਥੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਿਰਿਆਸ਼ੀਲ ਮੈਂਬਰ ਸਨ, ਉਥੇ ਉਹ ਦੇਸ਼ ਅਤੇ ਦੁਨੀਆ ਵਿਚ ਕਿਸੇ ਵੀ ਤਰ੍ਹਾਂ ਦੇ ਮਾਨਵਤਾ-ਵਿਰੋਧੀ ਵਰਤਾਰਿਆਂ ਦੇ ਵਿਰੁੱਧ ਡਟ ਕੇ ਖੜ੍ਹਨ ਤੇ ਲੜਨ ਵਾਲੇ ਸੁਚੇਤ ਮਨੁੱਖ ਸਨ। ਅੱਜ ਦੇ ਦੌਰ ਵਿਚ ਜਦੋਂ ਭਾਰਤ ਵਿਚ ਫਿਰਕੂ ਧਰੁਵੀਕਰਨ ਦੀ ਚੰਦਰੀ ਖੇਡ ਨਾਲ ਸਮਾਜ ਨੂੰ ਫਿਰਕਿਆਂ ਤੇ ਜਾਤਾਂ-ਪਾਤਾਂ ਵਿਚ ਵੰਡ ਕੇ ਨਫ਼ਰਤ ਦਾ ਜ਼ਹਿਰ ਫੈਲਾਉਣ ਦੀ ਸਿਰਤੋੜ ਕੋਸ਼ਿਸ਼ ਹੋ ਰਹੀ ਹੈ ਤਾਂ ਅਜਿਹੇ ਮਹੌਲ ਵਿਰੁੱਧ ਉਹ ਬੇਬਾਕੀ ਨਾਲ ਆਪਣਾ ਲੋਕ-ਪੱਖੀ ਪ੍ਰਤੀਕਰਮ ਬੇਖੌਫ਼ ਹੋ ਕੇ ਦਿੰਦੇ ਸਨ।
ਸਾਮਰਾਜੀਆਂ ਖਾਸ ਕਰ ਅਮਰੀਕਾ ਵੱਲੋਂ, ਜੋ ਦੁਨੀਆ ਦੇ ਅਨੇਕਾਂ ਦੇਸ਼ਾਂ ਨੂੰ ਜੰਗ ਦੀ ਭੱਠੀ ਵਿਚ ਝੋਕ ਕੇ ਤਬਾਹੀ ਕੀਤੀ ਜਾ ਰਹੀ ਹੈ ਅਤੇ ਫਲਸਤੀਨ, ਈਰਾਨ ਅਤੇ ਲਿਬਨਾਨ ਵਰਗੇ ਦੇਸ਼ਾਂ ਵਿਚ ਲੱਖਾਂ ਦੀ ਗਿਣਤੀ ਵਿਚ ਬੱਚੇ, ਬੁੱਢੇ, ਬਿਮਾਰ ਅਤੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਕਮਜ਼ੋਰ ਦੇਸ਼ਾਂ ਦੇ ਤੇਲ ਅਤੇ ਹੋਰ ਕੀਮਤੀ ਸਾਧਨਾਂ ਉਪਰ ਕਬਜ਼ੇ ਦੀ ਹਵਸ ਨਾਲ ਅੰਨ੍ਹਾ ਹੋ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਅਜਿਹੇ ਹਾਲਾਤ ਤੋਂ ਉਪਲ ਜੀ ਡਾਢੇ ਚਿੰਤਤ ਰਹਿੰਦੇ ਸਨ ਅਤੇ ਆਪਣੀ ਪਹੁੰਚ ਦੇ ਸਮਾਜਿਕ, ਰਾਜਨੀਤਕ ਅਤੇ ਮਿੱਤਰਤਾ ਦੇ ਦਾਇਰੇ ਤੱਕ ਗੰਭੀਰ ਚਰਚਾ ਕਰਦੇ ਅਤੇ ਆਵਾਜ਼ ਉਠਾਉਂਦੇ ਰਹਿੰਦੇ ਸਨ।ਪੰਜਾਬ ਸੀ ਪੀ ਆਈ ਕਾਮਰੇਡ ਅਵਤਾਰ ਸਿੰਘ ਉਪਲ ਦੇ ਵਿਛੋੜੇ ਦਾ ਪਰਵਾਰ, ਰਿਸ਼ਤੇਦਾਰਾਂ ਅਤੇ ਉਹਨਾ ਦੇ ਦੋਸਤਾਂ-ਮਿੱਤਰਾਂ ਤੇ ਪਾਰਟੀ ਨਾਲ ਤਹਿ ਦਿਲੋਂ ਦੁੱਖ ਸਾਂਝਾ ਕਰਦੇ ਹੋਏ ਇਸ ਮਹਾਨ ਇਨਸਾਨ ਨੂੰ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।



