ਵਾਸ਼ਿੰਗਟਨ : ਅਮਰੀਕਾ ਦੇ ਪ੍ਰਤੀਨਿਧੀ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਨੇ ਬੁੱਧਵਾਰ ਨੂੰ ਇੱਕ ਅਹਿਮ ਮਤਾ ਪਾਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 208 ਦੇ ਮੁਕਾਬਲੇ 215 ਵੋਟਾਂ ਨਾਲ ਪਾਸ ਹੋਏ ਇਸ ਮਤੇ ਵਿੱਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਈਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ, ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜ਼ੂਰੀ ਨਹੀਂ ਦਿੰਦੀ। ਇਸ ਵੋਟਿੰਗ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਾਥ ਦਿੱਤਾ, ਜੋ ਕਿ ਟਰੰਪ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਹ ਕਦਮ ਈਰਾਨ ਨਾਲ ਚੱਲ ਰਹੇ ਤਿੰਨ ਮਹੀਨੇ ਪੁਰਾਣੇ ਸੰਘਰਸ਼ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਵਧਦੀ ਚਿੰਤਾ ਨੂੰ ਦਰਸਾਉਂਦਾ ਹੈ। ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਿਕ ਹੈ, ਕਿਉਂਕਿ ਇਸ ਨੂੰ ਕਾਨੂੰਨ ਬਣਨ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਪ੍ਰਤੀ ਅੰਦਰੂਨੀ ਵਿਰੋਧ ਦਾ ਸਪੱਸ਼ਟ ਸੰਕੇਤ ਹੈ।




