ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਅਨੁਸਾਰ ਜਲੰਧਰ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਲਈ ਤਿਆਰੀਆਂ ਅਤੇ ਸਟੇਡੀਅਮ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਵੀਰਵਾਰ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਹਾਕੀ ਪੰਜਾਬ, ਖੇਡ ਵਿਭਾਗ, ਪੀ ਡਬਲਯੂ ਡੀ ਦੀ ਟੀਮ ਤੇ ਹਾਕੀ ਇੰਡੀਆ ਦੇ ਟੂਰਨਾਮੈਂਟ ਡਾਇਰੈਕਟਰ ਵੱਲੋਂ ਵੀਰਵਾਰ ਸਟੇਡੀਅਮ ਦਾ ਸਾਂਝਾ ਦੌਰਾ ਕਰਕੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਕੋਹਲੀ ਨੇ ਕਿਹਾ ਕਿ ਜਲੰਧਰ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ, ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਦਕਾ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਪੰਜਾਬ ਵਿਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਹਾਕੀ ਵਿਚ ਕੁਝ ਵੱਡਾ ਕਰਨਾ ਚਾਹੁੰਦੇ ਸਨ। ਪੰਜਾਬ ਵਿਚ ਅੰਤਰਰਾਸ਼ਟਰੀ ਮੈਚ ਹੋਣ ਜਾ ਰਹੇ ਹਨ। ਜਲੰਧਰ ਵਿਚ ਏਸ਼ੀਅਨ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਪਾਕਿਸਤਾਨ ਸਣੇ 6 ਟੀਮਾਂ ਪੰਜਾਬ ਆਉਣੀਆਂ ਹਨ। ਬਹੁਤ ਜਲਦੀ ਮੁੱਖ ਮੰਤਰੀ ਪੰਜਾਬ ਲੀਗ ਟੀਮ ਵੀ ਸਾਈਨ ਕਰਨ ਜਾ ਰਹੇ ਹਨ ਤੇ ਇਕ ਜੂਨੀਅਰ ਲੀਗ ਟੀਮ ਵੀ ਲਾਂਚ ਕਰਨ ਜਾ ਰਹੇ ਹਨ। ਕੋਹਲੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਸਦਕਾ ਮਿਲਿਆ ਹੈ। ਉਨ੍ਹਾ ਹੀ ਹਾਕੀ ਇੰਡੀਆ ਨਾਲ ਤਾਲਮੇਲ ਕਰ ਕੇ ਹਾਕੀ ਟੂਰਨਾਮੈਂਟ ਪੰਜਾਬ ਵਿਚ ਲਿਆਂਦਾ ਹੈ। ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਹੈ। ਇਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਪੰਜਾਬ, ਹਾਕੀ ਪੰਜਾਬ ਤੇ ਹਾਕੀ ਪ੍ਰੇਮੀਆਂ ਨੂੰ ਜਾਂਦਾ ਹੈ। ਉਨ੍ਹਾ ਕਿਹਾ ਕਿ ਲਗਭਗ ?18 ਕਰੋੜ ਦੀ ਲਾਗਤ ਨਾਲ ਸਟੇਡੀਅਮ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਡੇਅ ਹੈ ਤੇ ਪਹਿਲੀ ਨਵੰਬਰ ਨੂੰ ਹੀ ਭਾਰਤ ਤੇ ਪਾਕਿਸਤਾਨ ਦਾ ਮੈਚ ਪੰਜਾਬ ਵਿਚ ਖੇਡੇ ਜਾਣ ਦੀ ਕੋਸ਼ਿਸ਼ ਹੈ। ਇਸ ਦੌਰਾਨ ਸਟੇਡੀਅਮ ਨੂੰ ਨਵੀਂ ਵਹੁਟੀ ਵਾਂਗ ਸਜਾਇਆ ਜਾਵੇਗਾ। ਕੋਹਲੀ ਨੇ ਕਿਹਾ ਕਿ ਲੀਗ ਦੀ ਓਪਨਿੰਗ ਤੇ ਕਲੋਜ਼ਿੰਗ ਮੁਹਾਲੀ ਵਿਚ ਹੈ ਤੇ ਬਾਕੀ ਸਾਰੇ ਲੀਗ ਮੈਚ ਜਲੰਧਰ ਵਿਚ ਹੀ ਖੇਡੇ ਜਾਣਗੇ। ਬਾਹਰ ਪ੍ਰੈਕਟਿਸ ਗਰਾਊਂਡ ਬਣ ਕੇ ਤਿਆਰ ਹੈ, ਇਹ ਗਰਾਊਂਡ ਵੀ ਬਣ ਕੇ ਜਲਦੀ ਤਿਆਰ ਹੋ ਜਾਵੇਗੀ। ਅਸੀਂ ਜਲਦੀ ਹੀ ਇਕ ਵਧੀਆ ਈਵੈਂਟ ਜਲੰਧਰ ਵਿਚ ਦੇਖਣ ਜਾ ਰਹੇ ਹਾਂ।
ਉਲੰਪੀਅਨ ਗੁਰਜੰਟ ਸਿੰਘ ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸਟੇਡੀਅਮ ਨੂੰ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰ ਦਿੱਤਾ ਜਾਵੇਗਾ।



