‘ਕਾਕਰੋਚਾਂ’ ਨੇ ਸਿੱਖਿਆ ਮੰਤਰੀ ਦੇ ਅਸਤੀਫੇ ਲਈ ਦਬਾਅ ਵਧਾਇਆ

0
2

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਆਪਣੇ 6 ਜੂਨ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਕਲਾਊਡ ਸਟੋਰੇਜ ਕੌਂਫਿਗਰੇਸ਼ਨ ਮੁੱਦੇ ਕਾਰਨ ਜੇ ਈ ਈ (ਐਡਵਾਂਸਡ) 2026 ਦੇ ਉਮੀਦਵਾਰਾਂ ਦਾ ਡਾਟਾ ਸਾਹਮਣੇ ਆਉਣ ਦੀ ਰਿਪੋਰਟ ‘ਤੇ ਵੀਰਵਾਰ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਅਤੇ ਸਿੱਖਿਆ ਮੰਤਰਾਲੇ ਤੋਂ ਜਵਾਬਦੇਹੀ ਦੀ ਮੰਗ ਕੀਤੀ।
ਪਾਰਟੀ ਦੇ ਬੁਲਾਰਿਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰਨ ਦੀ ਅਪੀਲ ਵੀ ਕੀਤੀ, ਕਿਉਂਕਿ ਉਹ ਸਿੱਖਿਆ ਖੇਤਰ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਡਾਟਾ ਲੀਕ ਹੋਣ ਦੀ ਘਟਨਾ ਨੇ ਵਿਦਿਆਰਥੀਆਂ ਦੇ ਡਾਟਾ ਦੀ ਸੁਰੱਖਿਆ ਤੇ ਸਰਕਾਰ ਦੀਆਂ ਪ੍ਰੀਖਿਆ ਪ੍ਰਣਾਲੀਆਂ ਦੇ ਪ੍ਰਬੰਧਨ ਬਾਰੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਬੁਲਾਰੇ ਆਸ਼ੂਤੋਸ਼ ਰੰਕਾ ਨੇ ਕਿਹਾ ਕਿ ਉਮੀਦਵਾਰਾਂ ਦੀ ਜਾਣਕਾਰੀ ਦਾ ਖੁਲਾਸਾ ਸਾਈਬਰ ਸੁਰੱਖਿਆ ਉਪਾਵਾਂ ਦੀ ਮਾੜੀ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾ ਕਿਹਾ, ‘ਲਗਭਗ ਦੋ ਲੱਖ ਵਿਦਿਆਰਥੀਆਂ ਦੇ ਨਾਂਅ, ਫੋਨ ਨੰਬਰ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇੱਕ ਅਜਿਹੇ ਦੇਸ਼, ਜਿਸ ਨੇ ਦੁਨੀਆ ਭਰ ਦੀਆਂ ਚੋਟੀ ਦੀਆਂ ਤਕਨਾਲੋਜੀ ਕੰਪਨੀਆਂ ਦੇ ਮੋਹਰੀ ਤਕਨੀਕੀ ਮਾਹਰ ਪੈਦਾ ਕੀਤੇ ਹਨ, ਦੇ ਸਿੱਖਿਆ ਮੰਤਰੀ ਤੇ ਸਰਕਾਰ ਏਨੇ ਅਯੋਗ ਹਨ ਕਿ ਉਹ ਬੁਨਿਆਦੀ ਪ੍ਰਣਾਲੀਆਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਦੇ ਸਮਰੱਥ ਨਹੀਂ। ਸਿੱਖਿਆ ਮੰਤਰੀ ਪੂਰੀ ਤਰ੍ਹਾਂ ਅਯੋਗ ਹਨ। ਉਨ੍ਹਾ ਸਿੱਖਿਆ ਪ੍ਰਣਾਲੀ ਦਾ ਬੇੜਾ ਗਰਕ ਕਰ ਦਿੱਤਾ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਹ ਸਾਡੇ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ ਅਤੇ ਬਹੁਤ ਕੁਝ ਦਾਅ ‘ਤੇ ਲੱਗਿਆ ਹੋਇਆ ਹੈ।’
ਉਨ੍ਹਾ ਇਹ ਵੀ ਕਿਹਾ ਕਿ ਜਨਤਕ ਸੰਸਥਾਵਾਂ ਨੂੰ ਵਿਗਿਆਨਕ ਸੁਭਾਅ ਅਤੇ ਤਕਨੀਕੀ ਯੋਗਤਾ ਵਾਲੇ ਵਿਅਕਤੀਆਂ ਦੀ ਲੋੜ ਹੁੰਦੀ ਹੈ। ਆਈ ਆਈ ਟੀ ਰੁੜਕੀ, ਜਿਸ ਨੇ ਇਸ ਸਾਲ ਨੋਡਲ ਸੰਸਥਾ ਵਜੋਂ ਪ੍ਰੀਖਿਆ ਕਰਵਾਈ ਸੀ, ਦੇ ਜਵਾਬ ‘ਤੇ ਸਵਾਲ ਉਠਾਉਂਦੇ ਹੋਏ, ਰੰਕਾ ਨੇ ਕਿਹਾ ਕਿ ਸੰਸਥਾ ਦਾ ਇਹ ਦਾਅਵਾ ਕਿ ਸਾਹਮਣੇ ਆਇਆ ਡਾਟਾ ‘ਸਿਰਫ ਪੜ੍ਹਨ ਲਈ’ ਫਾਰਮੈਟ ਵਿੱਚ ਸੀ, ਮੁੱਦੇ ਦੀ ਗੰਭੀਰਤਾ ਨੂੰ ਘਟਾਉਂਦਾ ਨਹੀਂ। ਆਈ ਆਈ ਟੀ ਰੁੜਕੀ ਨੇ ਕਿਹਾ ਕਿ ਡਾਟਾ ਸਿਰਫ ਪੜ੍ਹਨ ਲਈ ਸੀ। ਕੀ ਇਹ ਮਜ਼ਾਕ ਹੈ? ਤੁਸੀਂ ਕਹਿ ਰਹੇ ਹੋ ਕਿ ਇਸ ਨੂੰ ਪੜ੍ਹਿਆ ਜਾ ਸਕਦਾ ਹੈ, ਪਰ ਸੰਪਾਦਤ ਨਹੀਂ ਕੀਤਾ ਜਾ ਸਕਦਾ। ਇੱਕ ਬੁਨਿਆਦੀ ਆਈ ਆਈ ਟੀ ਪੋਰਟਲ ਨੂੰ ਸੁਰੱਖਿਅਤ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ। 16, 17 ਅਤੇ 18 ਸਾਲ ਦੇ ਬੱਚੇ ਕਮਜ਼ੋਰੀਆਂ ਦੀ ਖੋਜ ਕਰ ਰਹੇ ਹਨ ਅਤੇ ਸੀ ਈ ਆਰ ਟੀ ਨੂੰ ਸੁਚੇਤ ਕਰ ਰਹੇ ਹਨ। ਇਹ ਸਿਸਟਮ ਚਲਾਉਣ ਵਾਲੇ ਲੋਕਾਂ ਦੀ ਯੋਗਤਾ ਦੇ ਪੱਧਰ ਨੂੰ ਦਰਸਾਉਂਦਾ ਹੈ। ਮੰਗਲਵਾਰ ਆਈ ਆਈ ਟੀ ਰੁੜਕੀ ਨੇ ਜੇ ਈ ਈ (ਐਡਵਾਂਸਡ) 2026 ਨਤੀਜੇ ਦੇ ਪੋਰਟਲ ਨਾਲ ਜੁੜੇ ਇੱਕ ਕਲਾਊਡ ਸਟੋਰੇਜ ਕੌਂਫਿਗਰੇਸ਼ਨ ਮੁੱਦੇ ਨੂੰ ਸਵੀਕਾਰ ਕੀਤਾ, ਜਦੋਂ ਇੱਕ ਅੱਲ੍ਹੜ ਸਾਈਬਰ ਸੁਰੱਖਿਆ ਖੋਜਕਰਤਾ ਨੇ ਰਿਪੋਰਟ ਦਿੱਤੀ ਕਿ ਉਮੀਦਵਾਰਾਂ ਦੇ ਰਿਕਾਰਡ ਅਤੇ ਐਡਮਿਟ-ਕਾਰਡ ਦਸਤਾਵੇਜ਼ ਪ੍ਰਮਾਣਿਕਤਾ ਤੋਂ ਬਿਨਾਂ ਪਹੁੰਚਯੋਗ ਸਨ। ਸੰਸਥਾ ਨੇ ਕਿਹਾ ਕਿ ਸੁਧਾਰਾਤਮਕ ਕਾਰਵਾਈ ਪਹਿਲ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਇਆ ਡਾਟਾ ਸਿਰਫ-ਪੜ੍ਹਨ ਦੇ ਢੰਗ ਵਿੱਚ ਸੀ। ਉਹ ਰਿਕਾਰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਸੰਭਾਵਨਾ ਨੂੰ ਰੱਦ ਕਰਦੀ ਹੈ। ਰੰਕਾ ਨੇ ਮੰਗ ਕੀਤੀ ਕਿ ਸਰਕਾਰ ਆਪਣੀ ਨਿਗਰਾਨੀ ਹੇਠ ਸਾਰੀਆਂ ਡਾਟਾ ਐਕਸਪੋਜ਼ਰ ਘਟਨਾਵਾਂ ਅਤੇ ਸਾਈਬਰ ਸੁਰੱਖਿਆ ਖਾਮੀਆਂ ਦੇ ਵੇਰਵੇ ਪ੍ਰਗਟ ਕਰੇ। ਉਨ੍ਹਾ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਦੇਸ਼ ਦਾ ਡਾਟਾ ਕਿੱਥੇ ਪਹੁੰਚਿਆ ਹੈ ਅਤੇ ਕਿਸ-ਕਿਸ ਕੋਲ ਇਸ ਤੱਕ ਪਹੁੰਚ ਹੈ। ਅਜਿਹੀਆਂ ਸਾਰੀਆਂ ਉਲੰਘਣਾਵਾਂ ਦੇ ਵੇਰਵੇ, ਖਾਸ ਕਰਕੇ ਉਹ ਜੋ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਤ ਕਰ ਸਕਦੀਆਂ ਹਨ, ਜਨਤਕ ਕੀਤੇ ਜਾਣੇ ਚਾਹੀਦੇ ਹਨ।’ 6 ਜੂਨ ਲਈ ਲਾਮਬੰਦੀ ਤੋਂ ਪਹਿਲਾਂ ਪਾਰਟੀ ਦੀ ਸਥਿਤੀ ਸਪੱਸ਼ਟ ਕਰਦਿਆਂ ਰੰਕਾ ਨੇ ਕਿਹਾ, ‘ਹਿੰਸਾ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਾਕਰੋਚ ਜਨਤਾ ਪਾਰਟੀ ਕਾਨੂੰਨ ਅਤੇ ਵਿਵਸਥਾ ਦੇ ਅਨੁਸਾਰ ਸ਼ਾਂਤੀਪੂਰਨ ਅਤੇ ਲੋਕਤੰਤਰੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੰਦੀ ਹੈ। ਅਸੀਂ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।’ ਉਨ੍ਹਾ ਸਿੱਖਿਆ ਮੰਤਰੀ ਪ੍ਰਧਾਨ ਦੇ ਅਸਤੀਫੇ ਦੀ ਮੰਗ ‘ਤੇ ਕਾਇਮ ਰਹਿੰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ‘ਤੇ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨਾਲ ਗੱਲਬਾਤ ਲਈ ਤਿਆਰ ਹਨ। ਪਾਰਟੀ ਦਾ ਬਾਨੀ ਅਭਿਜੀਤ ਦੀਪਕੇ ਅਮਰੀਕਾ ਤੋਂ 6 ਜੂਨ ਨੂੰ ਦਿੱਲੀ ਪਹੁੰਚ ਰਿਹਾ ਹੈ। ਪਾਰਟੀ ਨੇ ਕਿਹਾ ਕਿ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਵੀ ਪ੍ਰਸਤਾਵਤ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਉਨ੍ਹਾ ਕਿਹਾ ਕਿ ਪ੍ਰੋਟੈਸਟ ਕਾਨੂੰਨੀ ਤਰੀਕਿਆਂ ਨਾਲ ਕੀਤਾ ਜਾਵੇਗਾ ਅਤੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਵਿਵਸਥਾ ਬਣਾਈ ਰੱਖੀ ਜਾਵੇਗੀ।