ਅੰਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੋਏ 66 ਸਾਲਾ ਆਸਟਰੇਲੀਆਈ ਨਾਗਰਿਕ (ਪਰਵਾਸੀ ਭਾਰਤੀ) ਸੁਨੀਲ ਸ਼ਰਮਾ ਦੀ ਭਾਲ ਦਾ ਦੁਖਾਂਤਕ ਅੰਤ ਹੋਇਆ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਲਾਪਤਾ ਐੱਨ ਆਰ ਆਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਮ੍ਰਿਤਕ ਦਾ ਆਪਣਾ ਸਕਾ ਭਰਾ ਵੀ ਸ਼ਾਮਲ ਹੈ। ਮੈਲਬੌਰਨ (ਆਸਟਰੇਲੀਆ) ਵਿੱਚ ਗਣਿਤ ਦੇ ਅਧਿਆਪਕ ਵਜੋਂ ਕੰਮ ਕਰਦੇ ਸੁਨੀਲ ਸ਼ਰਮਾ ਬੀਤੀ 22 ਮਈ ਤੋਂ ਪੰਜਾਬ ਫੇਰੀ ਦੌਰਾਨ ਅਚਾਨਕ ਲਾਪਤਾ ਹੋ ਗਏ ਸਨ। ਉਹ ਅੰਮ੍ਰਿਤਸਰ ਸਥਿਤ ਆਪਣੀ ਇੱਕ ਜਾਇਦਾਦ ਦੇ ਮਾਮਲੇ ਨੂੰ ਸੁਲਝਾਉਣ ਅਤੇ ਉੱਥੇ ਘਰ ਦੇ ਰੰਗ-ਰੋਗਨ ਦੇ ਕੰਮ ਦੀ ਦੇਖਭਾਲ ਕਰਨ ਲਈ ਆਏ ਹੋਏ ਸਨ। ਸੁਨੀਲ ਸ਼ਰਮਾ ਦੇ ਅਚਾਨਕ ਗਾਇਬ ਹੋਣ ਅਤੇ ਉਨ੍ਹਾਂ ਦਾ ਮੋਬਾਇਲ ਫ਼ੋਨ ਲਗਾਤਾਰ ਬੰਦ ਆਉਣ ਕਾਰਨ ਆਸਟਰੇਲੀਆ ਵਿੱਚ ਰਹਿੰਦੇ ਉਨ੍ਹਾ ਦੇ ਪਰਿਵਾਰਕ ਮੈਂਬਰ ਗਹਿਰੀ ਚਿੰਤਾ ਵਿੱਚ ਸਨ।
ਪੁਲਸ ਜਾਂਚ ਵਿੱਚ ਉਸ ਵੇਲੇ ਵੱਡਾ ਮੋੜ ਆਇਆ, ਜਦੋਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸ਼ੱਕ ਦੀ ਸੂਈ ਮ੍ਰਿਤਕ ਦੇ ਭਰਾ ਸੰਨੀ ਸ਼ਰਮਾ ਵੱਲ ਘੁਮਾਈ। ਪੁਲਸ ਸੂਤਰਾਂ ਮੁਤਾਬਕ ਦੋਵਾਂ ਭਰਾਵਾਂ ਵਿਚਾਲੇ ਚੱਲ ਰਿਹਾ ਜਾਇਦਾਦ ਦਾ ਵਿਵਾਦ ਹੀ ਇਸ ਕਤਲ ਦਾ ਮੁੱਖ ਕਾਰਨ ਬਣਿਆ। ਅੰਮ੍ਰਿਤਸਰ ਦੇ ਐੱਸ ਐੱਸ ਪੀ ਕੰਵਲਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੁਨੀਲ ਸ਼ਰਮਾ ਨੂੰ ਪਹਿਲਾਂ 22 ਮਈ ਨੂੰ ਅੰਮ੍ਰਿਤਸਰ ਵਿੱਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ। ਫਿਰ ਉਸ ਦਾ ਬੇਸਬਾਲ ਬੈਟ ਸਿਰ ਵਿੱਚ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦੀ ਲਾਸ਼ ਹਰੀਕੇ ਨੇੜੇ ਇੱਕ ਨਹਿਰ ਵਿੱਚ ਸੁੱਟ ਦਿੱਤੀ ਗਈ। ਐੱਸ ਐੱਸ ਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਕਿ ਸੁਨੀਲ ਦੇ ਭਰਾ ਸਤੀਸ਼ ਨੇ ਪਹਿਲਾਂ ਹੀ ਲੁਧਿਆਣਾ ਤੋਂ ਜਾਲ੍ਹੀ ਪਾਵਰ ਆਫ਼ ਅਟਾਰਨੀ ਦੀ ਵਰਤੋਂ ਕਰਕੇ ਸੁਨੀਲ ਦੀਆਂ ਕਈ ਜਾਇਦਾਦਾਂ ਵੇਚ ਦਿੱਤੀਆਂ ਸਨ। ਅੰਮ੍ਰਿਤਸਰ ਦੇ ਏਸ਼ਾਨਾ ਅਸਟੇਟ ਵਿੱਚ ਇੱਕ ਜਾਇਦਾਦ ਵੀ ਵੇਚ ਦਿੱਤੀ ਗਈ ਸੀ। ਮੁਹਾਲੀ ਵਿੱਚ 4 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਲੈ ਕੇ ਭਰਾਵਾਂ ਵਿਚਕਾਰ ਵਿਵਾਦ ਹੋਇਆ ਸੀ। ਉਨ੍ਹਾ ਦੱਸਿਆ ਕਿ ਪੁਲਸ ਨੇ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਉਨ੍ਹਾ ਦੇ ਪੁੱਤਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਰਟੀ ਡੀਲਰ ਲਕਸ਼ਮਣ ਸਿੰਘ ਬੱਲ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਅਜੇ ਵੀ ਫਰਾਰ ਹਨ।





