ਹੱਕੀ ਮੰਗਾਂ ਮੰਨਵਾਉਣ ਲਈ ਮਜ਼ਦੂਰਾਂ ਦਾ ਇਕੱਠ ਪਹਿਲੀ ਲੋੜ : ਗੋਰੀਆ

0
11

ਜਲਾਲਾਬਾਦ
(ਜੀਤ ਕੁਮਾਰ)
ਪੰਜਾਬ ਖੇਤ ਮਜ਼ਦੂਰ ਸਭਾ ਅਤੇ ਭੱਠਾ ਵਰਕਰ ਯੂਨੀਅਨ ਏਟਕ ਦੀ ਜ਼ਿਲ੍ਹਾ ਫਾਜ਼ਿਲਕਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਕਨਵੈਨਸ਼ਨ ਮੰਡੀ ਲਾਧੂਕਾ ਦੇ ਸ਼ਗਨ ਪੈਲਸ ਵਿੱਚ ਕੀਤੀ ਗਈ, ਜਿਸ ਵਿੱਚ ਗੁਲਜਾਰ ਸਿੰਘ ਗੋਰੀਆ ਤੇ ਦੇਵੀ ਕੁਮਾਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਮੇਂ ਗੁਲਜਾਰ ਗੋਰੀਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਖੇਤਾਂ ਵਿੱਚ ਮਸ਼ੀਨੀਕਰਨ ਕਾਰਨ ਮਜ਼ਦੂਰਾਂ ਕੋਲ ਕੰਮ ਨਹੀਂ ਅਤੇ ਉਹ ਖੇਤਾਂ ਦੇ ਬਜਾਏ ਭੱਠਿਆਂ ਤੇ ਹੋਰ ਛੋਟੀਆਂ ਫੈਕਟਰੀਆਂ ਵਿੱਚ ਮਜਬੂਰੀਵੱਸ ਛੋਟੇ-ਮੋਟੇ ਕੰਮ ਕਰਨ ਲੱਗ ਪਏ ਹਨ। ਪੰਜਾਬ ਏਟਕ, ਪੰਜਾਬ ਖੇਤ ਮਜ਼ਦੂਰਾਂ, ਭੱਠਾ ਵਰਕਰਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਹਨਾ ਕਿਹਾ ਕਿ ਤੁਸੀਂ ਇਕੱਠੇ ਹੋ ਕੇ ਪਹਿਲਾਂ ਵੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਹਨ ਅਤੇ ਤੁਹਾਡਾ ਇਕੱਠ ਤੁਹਾਡੀਆਂ ਹੱਕੀ ਮੰਗਾਂ ਨੂੰ ਠੁਕਰਾ ਨਹੀਂ ਸਕਦਾ। ਉਹਨਾ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਕੰਮ ਨਾ ਮਿਲਣ ਕਰਕੇ ਅਤੇ ਜ਼ਿੰਦਗੀ ਵਿਚ ਹੋਰ ਦੁਸ਼ਵਾਰੀਆਂ ਕਾਰਨ ਮਜ਼ਦੂਰ ਜਮਾਤ ਦਾ ਜੀਵਨ ਦੁਬਰ ਹੋਇਆ ਪਿਆ ਹੈ।
ਉਹਨਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇਸ਼ ਦੀ ਆਰਥਿਕਤਾ ਅਤੇ ਦੇਸ਼ ਦੇ ਆਮ ਲੋਕਾਂ ਨੂੰ ਬਰਬਾਦ ਕਰ ਰਹੀਆਂ ਹਨ।। ਇਹ ਸਰਕਾਰ ਉਹਨਾਂ ਲੋਕਾਂ ਦੀ ਹੈ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਅਤੇ ਇਹ ਸਰਕਾਰ ਅੰਬਾਨੀ ਅਡਾਨੀ ਕਾਰਪੋਰੇਟ ਅਦਾਰਿਆਂ ਦੀ ਸਰਕਾਰ ਹੈ, ਜਿਹੜੇ ਦੇਸ਼ ਦੇ ਸਾਧਨਾਂ ਨੂੰ ਰੱਜ ਕੇ ਲੁੱਟ ਕਰ ਰਹੇ ਹਨ ਅਤੇ ਭਾਜਪਾ ਸਰਕਾਰ ਵਿੱਚ ਕਾਰਪੋਰੇਟ ਅਦਾਰਿਆਂ ਤੋਂ ਬਿਨਾਂ ਹੋਰ ਕਿਸੇ ਦੀ ਸੁਣਦੀ ਨਹੀਂ। ਪੰਜਾਬ ਦੀਆਂ ਹੱਕਾਂ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ‘ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਬੰਦ ਕੀਤੀਆਂ ਜਾਣ, ਪਾਣੀ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨਾ ਚਾਹੀਦਾ ਹੈ, ਬੀ ਬੀ ਐਮ ਬੀ ਵਿੱਚ ਪੰਜਾਬ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਕੀਤਾ ਜਾਵੇ ਅਤੇ ਪੰਜਾਬੀ ਬੋਲਦੇ ਇਲਾਕੇ ਜੋ ਹਰਿਆਣੇ ਵਿੱਚ ਚਲੇ ਗਏ ਸਨ, ਨੂੰ ਪੰਜਾਬ ਵਿੱਚ ਵਾਪਸ ਸ਼ਾਮਿਲ ਕੀਤਾ ਜਾਵੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੌਜਵਾਨੀ ਨੂੰ ਕੰਮ ਦੇ ਕੇ ਨਸ਼ਿਆਂ ਦੀ ਜਿਲਤ ਤੋਂ ਬਚਾਏ।
ਦੇਵੀ ਕੁਮਾਰੀ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਦੇਣ ਵਾਲੇ ਕਾਨੂੰਨ ਨੂੰ ਬਦਲ ਕੇ ਨਰੇਗਾ ਕਾਮਿਆਂ ਨੂੰ ਮਾਰਨ ਲਈ ਛੱਡ ਦਿੱਤਾ ਗਿਆ ਹੈ। ਉਹਨਾ ਕਿਹਾ ਕਿ ਖੇਤਾਂ ਵਿੱਚ ਮਸ਼ੀਨੀਕਰਨ ਹੋਣ ਕਰਕੇ ਮਜ਼ਦੂਰ ਭੱਠਿਆਂ ਅਤੇ ਹੋਰ ਛੋਟੀਆਂ ਮੋਟੀਆਂ ਦਿਹਾੜੀਆਂ ਕਰਨ ਲਈ ਸ਼ਹਿਰ ਵੱਲ ਨੂੰ ਤੁਰ ਪਏ ਹਨ, ਜਿੱਥੇ ਕੰਮ ਦੀ ਕੋਈ ਗਰੰਟੀ ਨਹੀਂ।
ਇਸ ਕਰਕੇ ਜ਼ਿੰਦਗੀ ਦਾ ਪਹੀਆ ਚਾਲੂ ਰੱਖਣ ਵਾਸਤੇ ਲੋਕਾਂ ਨੂੰ ਇੱਕ ਵੱਡੇ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਲੋੜ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਸਮੇਂ ਹਰੇਕ ਔਰਤ ਦੇ ਖਾਤੇ ਵਿੱਚ 1000 ਰੁਪਏ ਪਾਉਣ ਦੀ ਗੱਲ ਕੀਤੀ ਸੀ, ਜੋ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਔਰਤਾਂ ਨੂੰ ਨਹੀਂ ਮਿਲੇ।
ਕਨਵੈਨਸ਼ਨ ਨੂੰ ਤੇਜਾ ਸਿੰਘ, ਕਸ਼ਮੀਰ ਸਿੰਘ ਫਿਰੋਜ਼ਪੁਰ, ਰਿਸ਼ੀ ਨਾਲ ਅਬੋਹਰ, ਢੋਲਾ ਮਾਹੀ ਬਹਾਦਰਕੇ, ਜੀਤ ਕੁਮਾਰ ਚੌਹਾਨਾ, ਗੁਰਨਾਮ ਸਿੰਘ ਆਗੂ ਭੱਠਾ ਮਜ਼ਦੂਰ ਯੂਨੀਅਨ ਏਟਕ ਤੇ ਨਾਨਕ ਚੰਦ ਲੰਬੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੈ ਪਾਲ ਸਿੰਘ ਭੱਠਾ ਮਜ਼ਦੂਰ ਆਗੂ, ਰਾਣੋ ਇਸਤਰੀ ਸਭਾ ਆਗੂ, ਮੁਖਤਿਆਰ ਸਿੰਘ ਕਮਰੇਵਾਲਾ, ਰਾਜ ਰਾਣੀ ਭੱਠਾ ਮਜ਼ਦੂਰ ਇਸਤਰੀ ਆਗੂ, ਬਲਵਿੰਦਰ ਸਿੰਘ ਭੱਟਾਂ ਵਰਕਰ ਆਗੂ ਵੀ ਹਾਜ਼ਰ ਸਨ। ਇਸ ਕਨਵੈਨਸ਼ਨ ਦਾ ਪ੍ਰਬੰਧ ਗੁਰਨਾਮ ਸਿੰਘ ਭੱਠਾ ਮਜ਼ਦੂਰ ਯੂਨੀਅਨ ਏਟਕ ਆਗੂ ਨੇ ਕੀਤਾ। ਕਨਵੈਨਸ਼ਨ ਵਿੱਚ ਆਏ ਇਕੱਠ ਅਤੇ ਆਗੂਆਂ ਦਾ ਧੰਨਵਾਦ ਬਲਵਿੰਦਰ ਸਿੰਘ ਨੇ ਕੀਤਾ। ਸਟੇਜ ਸੰਚਾਲਨ ਬਖਤਾਵਰ ਸਿੰਘ ਨੇ ਬਾਖੂਬੀ ਨਾਲ ਕੀਤਾ।