ਪਟਿਆਲਾ (ਨ ਜ਼ ਸ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਸੂਬਾ ਸਕੱਤਰ ਤੇ ਪ੍ਰਧਾਨ ਏਟਕ ਪੰਜਾਬ ਬੰਤ ਸਿੰਘ ਬਰਾੜ ਨੇ ਸਾਂਝੇ ਬਿਆਨ ਵਿੱਚ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਈ ਟੀ ਆਈ ਪਾਸ ਨੌਜਵਾਨਾਂ ‘ਤੇ ਪੁਲਸ ਵੱਲੋਂ ਕੀਤੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ 2600 ਆਈ ਟੀ ਆਈ ਅਪ੍ਰੈਂਟਸ਼ਿਪ ਅਤੇ ਆਈ ਟੀ ਆਈ ਪਾਸ ਯੋਗਤਾ ਵਾਲੇ ਨੌਜਵਾਨਾਂ ਨੂੰ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੇ ਤੌਰ ‘ਤੇ ਮਹਿਕਮੇ ‘ਚ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਜਦੋਂ ਪਾਵਰਕਾਮ ਮੈਨੇਜਮੈਂਟ ਕੀਤਾ ਵਾਅਦਾ ਵਫਾ ਕਰਨ ਤੋਂ ਪਾਸੇ ਹਟ ਗਈ ਤਾਂ ਨੌਜਵਾਨਾਂ ਅੰਦਰ ਗੁੱਸਾ ਵਧਣਾ ਕੁਦਰਤੀ ਸੀ। ਨੌਜਵਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਉਹਨਾਂ ਦੇ ਹੱਕਾਂ ਦੀ ਪੂਰਤੀ ਦੀ ਥਾਂ ਪੁਲਸ ਰਾਹੀਂ ਸਰਕਾਰ ਨੇ ਤਸ਼ੱਦਦ ਦਾ ਰਾਹ ਫੜ ਲਿਆ। ਸਰਕਾਰ ਵੱਲੋਂ ਹਰ ਰੋਜ਼ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਹੋਰ ਰੁਜ਼ਗਾਰ ਪੈਦਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਹਨਾਂ ਦਾਅਵਿਆਂ ਦੀ ਫੂਕ ਉਸ ਵੇਲੇ ਨਿਕਲ ਜਾਂਦੀ ਹੈ, ਜਦੋਂ ਹੱਕ ਮੰਗਦੀ ਜਵਾਨੀ ਨੂੰ ਲਾਠੀਆਂ ਨਾਲ ਨਿਵਾਜਿਆ ਜਾਂਦਾ ਹੈ।ਆਗੂਆਂ ਕਿਹਾ ਕਿ ਨੌਜਵਾਨ ਪਾਵਰਕਾਮ ਮੈਨੇਜਮੈਂਟ ਵੱਲੋਂ ਕੀਤੇ ਲਿਖਤੀ ਵਾਅਦਿਆਂ ਦੀ ਪੂਰਤੀ ਲਈ ਹੀ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਾਅਦੇ ਪੂਰੇ ਕਰਨ ਦੀ ਬਜਾਏ ਉਹਨਾਂ ‘ਤੇ ਡੰਡੇ ਵਰ੍ਹਾਉਣ ਤੁਰ ਪਈ।ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੇਸ਼ ਦੀ ਅਦਾਲਤ ਦੇ ਮੁੱਖ ਜੱਜ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਗਰਦਾਨਣ ਦੇ ਮੁੱਦੇ ‘ਤੇ ਜਵਾਨੀ ਤਾਂ ਪਹਿਲਾਂ ਹੀ ਉਬਾਲੇ ਖਾ ਰਹੀ ਹੈ।ਅਜਿਹੀਆਂ ਪ੍ਰਸਥਿਤੀਆਂ ਵਿੱਚ ਸਰਕਾਰਾਂ ਨੂੰ ਸੋਚ-ਸਮਝ ਕੇ ਕਦਮ ਪੁੱਟਣ ਦੀ ਲੋੜ ਹੁੰਦੀ ਹੈ।ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜਵਾਨੀ ਦਾ ਇੱਕ ਹਿੱਸਾ ਨਸ਼ੇ ਦੀ ਦਲਦਲ ਵਿੱਚ ਧੱਸ ਚੁੱਕਾ ਹੈ।ਅਜਿਹੇ ਵਿੱਚ ਪੜ੍ਹਾਈ ਕਰਨ ਉਪਰੰਤ ਨੌਕਰੀ ਲਈ ਯੋਗਤਾ ਪ੍ਰਾਪਤ ਨੌਜਵਾਨਾਂ ਨਾਲ ਸਰਕਾਰਾਂ ਨੂੰ ਸੁਹਿਰਦਤਾ ਨਾਲ ਪੇਸ਼ ਹੋਣਾ ਚਾਹੀਦਾ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਆਈ ਟੀ ਆਈ ਅਪ੍ਰੈਂਟਸ਼ਿਪ ਅਤੇ ਆਈ ਟੀ ਆਈ ਪਾਸ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ।





