ਲੁਧਿਆਣਾ : ਲੁਧਿਆਣਾ ਦੇ ਮੁੱਖ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸਪੈਸ਼ਲ ਰੇਲ ਗੱਡੀ ਸਟੇਸ਼ਨ ਤੋਂ ਰਵਾਨਾ ਹੁੰਦੇ ਸਾਰ ਹੀ ਦੋ ਹਿੱਸਿਆਂ ਵਿੱਚ ਵੰਡੀ ਗਈ। ਰੇਲ ਗੱਡੀ ਦੇ ਦੋ ਡੱਬਿਆਂ ਨੂੰ ਆਪਸ ਵਿੱਚ ਜੋੜਨ ਵਾਲੀ ਕਲਿਪਿੰਗ ਟੁੱਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਸਲੀਪਰ ਕੋਚ ਦਾ ਪਖਾਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੱਡੀ ਦੇ ਦੋ-ਫਾੜ ਹੁੰਦਿਆਂ ਹੀ ਮੁਸਾਫ਼ਰਾਂ ਵਿੱਚ ਰੌਲਾ ਪੈ ਗਿਆ ਅਤੇ ਸਵਾਰੀਆਂ ਆਪਣੀ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੀਆਂ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਡੱਬਾ ਕਿਸੇ ਧਮਾਕੇ ਦੀ ਆਵਾਜ਼ ਨਾਲ ਟੁੱਟਿਆ ਹੈ, ਜਦ ਕਿ ਪੁਲਸ ਅਧਿਕਾਰੀ ਫਿਲਹਾਲ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਪੁਲਸ ਮੁਤਾਬਕ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਇਹ ਸਾਫ਼ ਨਹੀਂ ਕੀਤਾ ਜਾ ਸਕਦਾ ਕਿ ਡੱਬਾ ਕਿਸੇ ਬਾਹਰੀ ਧਮਾਕੇ ਨਾਲ ਟੁੱਟਿਆ ਹੈ ਜਾਂ ਫਿਰ ਕਲਿਪਿੰਗ ਟੁੱਟਣ ਕਾਰਨ ਇਹ ਜ਼ੋਰਦਾਰ ਆਵਾਜ਼ ਪੈਦਾ ਹੋਈ ਸੀ।





