ਫਿਰੋਜ਼ਪੁਰ (ਅਸ਼ੋਕ ਸ਼ਰਮਾ)
ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਲਾਲਾਬਾਦ ਤੋਂ ਬਿਆਸ ਸਤਿਸੰਗ ਘਰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ ਦੀ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ।
ਮੰਦਭਾਗੀ ਘਟਨਾ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਜੰਗ ਵਾਲਾ ਮੋੜ ਦੇ ਨਜ਼ਦੀਕ ਵਾਪਰੀ। ਜਲਾਲਾਬਾਦ ਇਲਾਕੇ ਨਾਲ ਸੰਬੰਧਤ ਇੱਕੋ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਮਹਿੰਦਰਾ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਦਰਸ਼ਨਾਂ ਲਈ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਗੱਡੀ ਜੰਗ ਵਾਲਾ ਮੋੜ ਦੇ ਨੇੜੇ ਪਹੁੰਚੀ, ਤਾਂ ਸਾਹਮਣੇ ਪਾਸਿਓਂ ਆ ਰਹੇ ਇੱਕ ਬੇਕਾਬੂ ਘੋੜਾ-ਟਰਾਲੇ (ਟਰੱਕ) ਨੇ ਪਿਕਅੱਪ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ਬਰਦਸਤ ਸੀ ਕਿ ਪਿਕਅੱਪ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਚੀਕ-ਚਿਹਾੜਾ ਮਚ ਗਿਆ। ਟੱਕਰ ਦੌਰਾਨ ਗੱਡੀ ਵਿੱਚ ਸਵਾਰ 10 ਲੋਕਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 22 ਤੋਂ 25 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਹਨ। ਆਸ-ਪਾਸ ਦੇ ਸਥਾਨਕ ਲੋਕ ਤੁਰੰਤ ਮਦਦ ਲਈ ਅੱਗੇ ਆਏ। ਉਨ੍ਹਾਂ ਬੜੀ ਮੁਸ਼ਕਲ ਨਾਲ ਗੱਡੀ ਵਿੱਚ ਫਸੇ ਲੋਕਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਤੁਰੰਤ ਐਂਬੂਲੈਂਸਾਂ ਰਾਹੀਂ ਫਿਰੋਜ਼ਪੁਰ ਅਤੇ ਹੋਰ ਨੇੜਲੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ। ਡਾਕਟਰਾਂ ਅਨੁਸਾਰ ਕਈ ਜ਼ਖ਼ਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ ਆਪਣੀ ਵਿਸ਼ੇਸ਼ ਪੁਲਸ ਫੋਰਸ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਐੱਸ ਐੱਸ ਪੀ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਚਿੰਤਾਜਨਕ ਸੀ, ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਅਤੇ ਹੋਰ ਉੱਚ ਸਿਹਤ ਕੇਂਦਰਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ਅਤੇ ਪੀੜਤ ਪਰਵਾਰ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ। ਹਾਦਸੇ ‘ਚ ਜਾਨ ਗੁਆਉਣ ਵਾਲਿਆਂ ‘ਚ ਕਰਨੈਲ ਸਿੰਘ ਵਾਸੀ ਟਾਹਲੀਵਾਲਾ, ਲਕਸ਼ਮੀ ਬਾਈ ਪਤਨੀ ਰੇਸ਼ਮ ਵਾਸੀ ਜਲਾਲਾਬਾਦ, ਸੀਰਤ ਕੌਰ (ਬੱਚੀ) ਪੁੱਤਰੀ ਮੋਹਣ ਸਿੰਘ ਵਾਸੀ ਜਲਾਲਾਬਾਦ, ਭਾਗੋ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮਲਕਜਾਦਾ, ਮਾਇਆ ਬਾਈ ਪਤਨੀ ਬਲਬੀਰ ਸਿੰਘ ਵਾਸੀ ਜਲਾਲਾਬਾਦ, ਮਹਿੰਦਰ ਸਿੰਘ ਪੁੱਤਰ ਫੱਗਣ ਸਿੰਘ ਵਾਸੀ ਜਲਾਲਾਬਾਦ ਤੇ ਰਾਜ ਸਿੰਘ ਵਾਸੀ ਜਲਾਲਾਬਾਦ ਸ਼ਾਮਲ ਹਨ।





