ਭਾਜਪਾਈ ਵਿਗਿਆਨ

0
1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਵੱਖ-ਵੱਖ ਮੁੱਖ ਮੰਤਰੀਆਂ ਨੂੰ ਵਿਗਿਆਨਕ ਅਤੇ ਅਕਾਦਮਿਕ ਭਾਈਚਾਰਿਆਂ ਵੱਲੋਂ ਸੂਡੋ ਸਾਇੰਸ, ਮਿੱਥਾਂ ਅਤੇ ਅਪ੍ਰਮਾਣਤ ਦਾਅਵਿਆਂ ਨੂੰ ਇਤਿਹਾਸਕ ਤੇ ਵਿਗਿਆਨਕ ਤੱਥਾਂ ਵਜੋਂ ਪੇਸ਼ ਕਰਨ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅਜੇ ਵੀ ਉਹ ਇਸ ਦੀ ਜ਼ਰਾ ਜਿੰਨੀ ਪਰਵਾਹ ਨਹੀਂ ਕਰਦੇ। ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਿੰਦੂ ਦੇਵਤਾ ਭਗਵਾਨ ਗਣੇਸ਼ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਪ੍ਰਾਚੀਨ ਭਾਰਤ ਵਿੱਚ ਪਲਾਸਟਿਕ ਸਰਜਰੀ ਮੌਜੂਦ ਸੀ। ਬਾਅਦ ਵਿੱਚ ਉਨ੍ਹਾ ਇਹ ਵੀ ਕਿਹਾ ਕਿ ਮਹਾਂਭਾਰਤ ਵਿੱਚ ਕਰਮ ਦਾ ਜਨਮ ਇਸ ਗੱਲ ਦਾ ਸਬੂਤ ਸੀ ਕਿ ਪ੍ਰਾਚੀਨ ਸਮੇਂ ਵਿੱਚ ਜੈਨੇਟਿਕਸ ਦਾ ਅਭਿਆਸ ਕੀਤਾ ਜਾਂਦਾ ਸੀ। ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਦੌਰਾਨ ਮੋਦੀ ਨੇ ਕਿਹਾ ਸੀ ਕਿ ਭਾਰੀ ਬੱਦਲਵਾਈ ਅਤੇ ਮੀਂਹ ਅਸਲ ਵਿੱਚ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਰਾਡਾਰਾਂ ਤੋਂ ਬਚਣ ਵਿੱਚ ਮਦਦ ਕਰ ਸਕਦੇ ਹਨ। ਤ੍ਰਿਪੁਰਾ ਦੇ ਵੇਲੇ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਇਹ ਦਾਅਵਾ ਕਰਕੇ ਸੁਰਖੀਆਂ ਬਟੋਰੀਆਂ ਕਿ ਭਾਰਤ ਵਿੱਚ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਮਹਾਂਭਾਰਤ ਯੁੱਗ ਦੌਰਾਨ ਇੰਟਰਨੈੱਟ ਅਤੇ ਸੈਟੇਲਾਈਟ ਸੰਚਾਰ ਮੌਜੂਦ ਸਨ। ਭਾਜਪਾ ਸ਼ਾਸਤ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ (ਦੀਨਾਨਾਥ ਬੱਤਰਾ ਦੀ ਸਲਾਹ ਹੇਠ) ਪੇਸ਼ ਕੀਤੀ ਗਈ ਇੱਕ ਪਾਠ ਪੁਸਤਕ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਰਾਂ ਦੀ ਖੋਜ ਪ੍ਰਾਚੀਨ ਭਾਰਤ ਵਿੱਚ ਹੋਈ ਸੀ ਅਤੇ ਪ੍ਰਾਚੀਨ ਯੋਗੀਆਂ ਕੋਲ ਦੈਵੀ ਦ੍ਰਿਸ਼ਟੀ ਸੀ, ਜੋ ਇੱਕ ਟੈਲੀਵਿਜ਼ਨ ਵਾਂਗ ਕੰਮ ਕਰਦੀ ਸੀ।
ਸਬੂਤ-ਅਧਾਰਤ ਨੀਤੀ ਨੂੰ ਕਮਜ਼ੋਰ ਕਰਨ ਵਾਲੇ ਇਨ੍ਹਾਂ ਦਾਅਵਿਆਂ ਵਿੱਚ ਇੱਕ ਇਹ ਵੀ ਕਾਫੀ ਚਰਚਿਤ ਹੋਇਆ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਕੈਂਸਰ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਗਾਵਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ, ਕਿਉਂਕਿ ਗਊ ਮੂਤਰ ਕੈਂਸਰ ਨੂੰ ਪੂਰੀ ਤਰ੍ਹਾਂ ਠੀਕ ਕਰਨ ਵਿੱਚ ਪ੍ਰਭਾਵਸ਼ਾਲੀ ਹੈ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਾਲ ਹੀ ਵਿੱਚ ਨਵੀਂ ਥਿਊਰੀ ਪੇਸ਼ ਕੀਤੀ ਕਿ ਕੌਮੀ ਰਾਜਧਾਨੀ ਵਿੱਚ ਪੀਣ ਵਾਲੇ ਪਾਣੀ ਦੇ ਚੱਲ ਰਹੇ ਗੰਭੀਰ ਸੰਕਟ ਦਾ ਕਾਰਨ ਅੱਤ ਦੀ ਗਰਮੀ ਦੌਰਾਨ ਵਾਸ਼ਪੀਕਰਨ ਹੋਣਾ ਹੈ। ਕਈ ਖੇਤਰਾਂ ਦੇ ਵਸਨੀਕਾਂ ਨੂੰ ਪਾਣੀ ਦੀ ਘਾਟ ਤੇ ਸੀਵਰੇਜ ਮਿਸ਼ਰਤ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪਿਛਲੇ ਦਿਨੀਂ ਭਾਜਪਾ ਦੇ ਇੱਕ ਜਨਤਕ ਸਮਾਗਮ ਵਿੱਚ ਬੋਲਦੇ ਹੋਏ ਰੇਖਾ ਗੁਪਤਾ ਨੇ ਕਿਹਾ ਕਿ ਇਹ ਸਮੱਸਿਆ ਅੱਤ ਦੀ ਗਰਮੀ ਕਾਰਨ ਵਾਸ਼ਪੀਕਰਨ ਕਾਰਨ ਆ ਰਹੀ ਹੈ। ਜਿਹੜਾ ਪਾਣੀ ਸਪਲਾਈ ਹੁੰਦਾ ਹੈ, ਉਸ ਵਿੱਚੋਂ ਕੁਝ ਵਾਸ਼ਪੀਕਰਨ ਕਾਰਨ ਉੱਡ ਜਾਂਦਾ ਹੈ, ਜਿਸ ਕਰਕੇ ਪੂਰੀ ਸਪਲਾਈ ਨਹੀਂ ਮਿਲ ਰਹੀ।
ਸੋਸ਼ਲ ਮੀਡੀਆ ਯੂਜ਼ਰਾਂ ਨੇ ਕਿਹਾ ਹੈ ਕਿ ਇਹ ਵੀ ਸੁਣਨ ਨੂੰ ਮਿਲ ਸਕਦਾ ਹੈ ਕਿ ਬਿਜਲੀ ਦੀ ਕਮੀ ਇਸ ਲਈ ਹੁੰਦੀ ਹੈ, ਕਿਉਂਕਿ ਸਫਰ ਕਰਦੇ ਸਮੇਂ ਕਰੰਟ ਥੱਕ ਜਾਂਦਾ ਹੈ। ਮੁੱਖ ਮੰਤਰੀ ਅੱਗੇ ਸ਼ਹਿਰ ਵਿੱਚ ਪਾਣੀ ਭਰਨ ਦੀ ਸਮੱਸਿਆ ਲਈ ਮਾਨਸੂਨ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਨ। ਸਭ ਤੋਂ ਤਲਖ ਟਿੱਪਣੀ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਹੈ, ‘ਸਾਡੇ ਗਟਰ ਗੈਸ ਬਣਾਉਣ ਵਾਲੇ ਚਾਹ ਵਾਲੇ ਨੇ ਬਹੁਤ ਸਾਰੇ ਵਿਗਿਆਨੀਆਂ ਨੂੰ ਮੰਤਰੀ ਅਤੇ ਮੁੱਖ ਮੰਤਰੀ ਬਣਾ ਦਿੱਤਾ ਹੈ।’