ਭੋਪਾਲ (ਨ ਜ਼ ਸ) : ਆਪਣੇ ਲਗਜ਼ਰੀ ਜੀਵਨ ਦੇ ਵੀਡੀਓਜ਼ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਮੋਹਾਨੀ ਖਿਆਵਦਾ ਪਿੰਡ ਦੀ ਰਚਨਾ ਗੁਰਜਰ ਨੂੰ ਇਸ ਸ਼ੌਕ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਹੈ। ਸੋਸ਼ਲ ਮੀਡੀਆ ‘ਤੇ ਰਚਨਾ ਦੀ ਦੌਲਤ ਦੇਖ ਕੇ ਅਪਰਾਧੀਆਂ ਨੇ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚੋਰੀ ਸਾਮਾਨ ਦੀ ਕੀਮਤ 7 ਤੋਂ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰ ਘਰ ਦੀ ਬਾਊਂਡਰੀ ‘ਤੇ ਲੱਗੀ ਫੈਂਸਿੰਗ ਕੱਟ ਕੇ ਅੰਦਰ ਵੜੇ ਅਤੇ ਰਚਨਾ ਗੁਰਜਰ ਤੇ ਉਸ ਦੇ ਪਤੀ ਊਦਲ ਸਿੰਘ ਦੇ ਕਮਰੇ ਦੀ ਕੁੰਡੀ ਬਾਹਰੋਂ ਬੰਦ ਕਰ ਦਿੱਤੀ, ਤਾਂ ਜੋ ਉਹ ਬਾਹਰ ਨਾ ਨਿਕਲ ਸਕਣ। ਉਨ੍ਹਾਂ ਸੀ ਸੀ ਟੀ ਵੀ ਕੈਮਰਿਆਂ ਦਾ ਰੁਖ ਉੱਪਰ ਵੱਲ ਮੋੜ ਦਿੱਤਾ। ਚੋਰ ਜਾਂਦੇ-ਜਾਂਦੇ ਲੱਗਭੱਗ 8 ਹਜ਼ਾਰ ਰੁਪਏ ਦੀ ਐਨਰਜੀ ਡਰਿੰਕ ਦੀ ਇੱਕ ਪੇਟੀ ਵੀ ਲੈ ਗਏ। ਰਚਨਾ ਗੁਰਜਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੇਂਡੂ ਮਾਹੌਲ ਵਿੱਚ ਲਗਜ਼ਰੀ ਲਾਈਫ ਸਟਾਈਲ, ਮਹਿੰਗੇ ਗਹਿਣਿਆਂ ਅਤੇ ਘਰ ਦੀ ਸਜਾਵਟ ਨਾਲ ਜੁੜੇ ਵੀਡੀਓ ਸਾਂਝੇ ਕਰਨ ਲਈ ਜਾਣੀ ਜਾਂਦੀ ਹੈ।




