ਇਆਲੀ ਅੱਜ ਨਵੀਂ ਪਾਰਟੀ ‘ਚ

0
8

ਚੰਡੀਗੜ੍ਹ (ਨ ਜ਼ ਸ) : ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੰਗਲਵਾਰ ਇੱਥੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਕਰਨਗੇ, ਕਿਉਂਕਿ ‘ਵਾਰਿਸ ਪੰਜਾਬ ਦੇ’ ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਵਜੋਂ ਦਰਜ ਨਹੀਂ ਹੈ, ਇਸ ਲਈ ਮਨਪ੍ਰੀਤ ਇਆਲੀ ‘ਤੇ ਦਲ-ਬਦਲੀ ਕਾਨੂੰਨ ਤਹਿਤ ਵਿਧਾਇਕ ਵਜੋਂ ਅਯੋਗ ਕਰਾਰ ਦਿੱਤੇ ਜਾਣ ਦਾ ਖਤਰਾ ਨਹੀਂ ਹੋਵੇਗਾ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਉਨ੍ਹਾ ਨੂੰ ਪਾਰਟੀ ਵਿੱਚੋਂ ਕੱਢ ਸਕਦਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੀ ਜਥੇਬੰਦੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ‘ਤੇ ਇਆਲੀ ਨੇ ਕਿਹਾ, ”ਅਜੇ ਇੰਤਜ਼ਾਰ ਕਰੋ, ਉਹ ਇਸ ਬਾਰੇ ਸੋਚ ਰਹੇ ਹਨ ਅਤੇ ਉਨ੍ਹਾ ਦੇ ਸ਼ਾਮਲ ਹੋਣ ਦੀਆਂ ਕਾਫੀ ਉਮੀਦਾਂ ਹਨ।”
ਜ਼ੋਜਿਲਾ ਸੁਰੰਗ ਮੁਕੰਮਲ
ਲੇਹ (ਨ ਜ਼ ਸ)-ਦੁਨੀਆ ਦੀ ਸਭ ਤੋਂ ਲੰਬੀ ਸਿੰਗਲ ਟਿਊਬ ਜ਼ੋਜਿਲਾ ਸੁਰੰਗ ਦੇ ਦੋਵਾਂ ਸਿਰਿਆਂ ਨੂੰ ਆਪਸ ‘ਚ ਜੋੜਨ ਦੀ ਰਸਮ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ 9 ਜੂਨ ਨੂੰ ਨਿਭਾਉਣਗੇ। 13.15 ਕਿੱਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਬਾਲਟਾਲ (ਸੋਨਮਰਗ) ਅਤੇ ਮੀਨਾਮਰਗ (ਦ੍ਰਾਸ ਤੇ ਕਾਰਗਿਲ) ਦੇ ਵਿਚਕਾਰ ਸਥਿਤ ਹੈ, ਜੋ ਦੁਨੀਆ ਦੀ ਸਭ ਤੋਂ ਵੱਧ ਉਚਾਈ ‘ਤੇ ਬਣੀ ਸਭ ਤੋਂ ਲੰਬੀ ਸਿੰਗਲ-ਟਿਊਬ, ਦੋਵਾਂ ਪਾਸਿਆਂ ਤੋਂ ਚੱਲਣ ਵਾਲੀ ਸੁਰੰਗ ਹੈ। ਜ਼ੋਜਿਲਾ ਸੁਰੰਗ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਸ੍ਰੀਨਗਰ ਤੇ ਲੱਦਾਖ ਵਿਚਕਾਰ ਸਾਲ-ਭਰ ਬੇਰੋਕ ਆਵਾਜਾਈ ਹੋ ਜਾਏਗੀ।