25 ਪਾਰਟੀਆਂ ਦੀ ਮੀਟਿੰਗ ‘ਚ ਐੱਸ ਆਈ ਆਰ ਨੂੰ ਲੈ ਕੇ ਚੀਫ ਜਸਟਿਸ ਨੂੰ ਪੱਤਰ ਲਿਖਣ ਦਾ ਫੈਸਲਾ ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ
ਨਵੀਂ ਦਿੱਲੀ (ਨ ਜ਼ ਸ)
ਇੰਡੀਆ ਬਲਾਕ ਵਿੱਚ ਸ਼ਾਮਲ 25 ਪਾਰਟੀਆਂ ਦੀ ਸੋਮਵਾਰ ਇੱਥੇ ਹੋਈ ਮੀਟਿੰਗ ਵਿੱਚ ਵੋਟਾਂ ਦੀ ਡੂੰਘੀ ਸੁਧਾਈ (ਐੱਸ ਆਈ ਆਰ) ਨੂੰ ਲੈ ਕੇ ਦੇਸ਼ ਦੇ ਚੀਫ ਜਸਟਿਸ ਨੂੰ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ‘ਵੋਟ ਲੁੱਟ’ ਅਤੇ ਚੋਣ ਦੁਰਵਿਹਾਰ ਦਾ ਜ਼ਿਕਰ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਤਰ ਬਹੁਤ ਜਲਦੀ ਚੀਫ ਜਸਟਿਸ ਨੂੰ ਪਹੁੰਚਾਇਆ ਜਾਵੇਗਾ।
ਖੜਗੇ ਨੇ ਇਹ ਵੀ ਕਿਹਾ ਕਿ ਮੀਟਿੰਗ ਨੇ ਸਰਬਸੰਮਤੀ ਨਾਲ ਕੇਂਦਰੀ ਸਿੱਖਿਆ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕਰਨ ਦਾ ਮਤਾ ਵੀ ਪਾਸ ਕੀਤਾ ਹੈ, ਕਿਉਂਕਿ ਨੀਟ ਤੇ ਸੀ ਬੀ ਐੱਸ ਈ ਪ੍ਰੀਖਿਆਵਾਂ ਵਿੱਚ ਹੋਈਆਂ ਗਲਤੀਆਂ ਕਾਰਨ ਲੱਖਾਂ ਵਿਦਿਆਰਥੀਆਂ ਨਾਲ ਧੋਖਾ ਹੋਇਆ ਹੈ। ਖੜਗੇ ਨੇ ਬਲਾਕ ਦੀ ਤੁਰੰਤ ਕਾਰਜ ਯੋਜਨਾ ਦਾ ਵੀ ਵੇਰਵਾ ਦਿੱਤਾ, ਜਿਸ ਵਿੱਚ ਨੌਜਵਾਨਾਂ, ਸੰਸਥਾਗਤ ਅਖੰਡਤਾ ਅਤੇ ਇੱਕ ਨਿਰੰਤਰ ਸਾਂਝੇ ਵਿਰੋਧੀ ਮੋਰਚੇ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਖੜਗੇ ਨੇ ਕਿਹਾ ਕਿ ਗੱਠਜੋੜ ਦੇ ਭਾਈਵਾਲ ਹੁਣ ਰਾਸ਼ਟਰੀ ਰਾਜਨੀਤੀ ਦੀ ਸਮੀਖਿਆ ਕਰਨ ਅਤੇ ਰਣਨੀਤੀ ਦਾ ਤਾਲਮੇਲ ਕਰਨ ਲਈ ਹਰ ਦੋ ਮਹੀਨਿਆਂ ਬਾਅਦ ਮਿਲਣਗੇ। ਅਗਲੀ ਰਸਮੀ ਇੰਡੀਆ ਬਲਾਕ ਮੀਟਿੰਗ 8 ਅਗਸਤ ਨੂੰ ਹੈਦਰਾਬਾਦ ਵਿੱਚ ਹੋਵੇਗੀ।
ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸਾਰੇ ਗੱਠਜੋੜ ਭਾਈਵਾਲ ਆਪੋਜ਼ੀਸ਼ਨ ਦੇ ਆਗੂ ਦੇ ਦਫਤਰ ਵਿੱਚ ਰਣਨੀਤੀ ਘੜਿਆ ਕਰਨਗੇ, ਤਾਂ ਜੋ ਹੁਕਮਰਾਨਾਂ ਵਿਰੁੱਧ ਸਾਂਝਾ ਮੋਰਚਾ ਯਕੀਨੀ ਬਣਾਇਆ ਜਾ ਸਕੇ। ਖੜਗੇ ਦੇ ਦਫਤਰ ਵਿੱਚ ਰੋਜ਼ਾਨਾ ਸਵੇਰ ਦੀਆਂ ਮੀਟਿੰਗਾਂ ਦੇ ਨਾਲ ਤਾਲਮੇਲ ਜਾਰੀ ਰਹੇਗਾ।
ਮੀਟਿੰਗ ਵਿੱਚ ਇੰਡੀਆ ਬਲਾਕ ਦੇ ਆਗੂਆਂ ਨੇ ਗੱਠਜੋੜ ਦੇ ਅੰਦਰ ਏਕਤਾ ‘ਤੇ ਜ਼ੋਰ ਦਿੱਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਸੰਬੰਧਤ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੌਜੂਦਾ ਨਾਜ਼ੁਕ ਆਰਥਕ ਸਥਿਤੀ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਅਤੇ ਲੋਕਾਂ ਨਾਲ ਸੰਬੰਧਤ ਹੋਰ ਮੁੱਦਿਆਂ ‘ਤੇ ਚਰਚਾ ਕਰਨ ਲਈ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।
ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਤੋਂ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਆਰ ਜੇ ਡੀ ਤੋਂ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ, ਪੀ ਡੀ ਪੀ ਤੋਂ ਮਹਿਬੂਬਾ ਮੁਫਤੀ, ਐੱਨ ਸੀ ਪੀ (ਐੱਸ ਪੀ) ਤੋਂ ਸੁਪ੍ਰੀਆ ਸੁਲੇ, ਸੀ ਪੀ ਆਈ (ਐੱਮ) ਤੋਂ ਜੌਨ ਬ੍ਰਿਟਾਸ, ਸੀ ਪੀ ਆਈ ਤੋਂ ਡੀ ਰਾਜਾ ਸ਼ਾਮਲ ਸਨ। ਸ਼ਿਵ ਸੈਨਾ (ਯੂ ਬੀ ਟੀ) ਦੇ ਊਧਵ ਠਾਕਰੇ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ ਨਵੀਂ ਦਿੱਲੀ ਵਿੱਚ ਨਹੀਂ ਸਨ, ਪਰ ਉਹ ਵਰਚੁਅਲੀ ਮੀਟਿੰਗ ਵਿੱਚ ਸ਼ਾਮਲ ਹੋਏ। ਡੀ ਐੱਮ ਕੇ ਅਤੇ ਆਮ ਆਦਮੀ ਪਾਰਟੀ ਵਿਚਾਰ-ਵਟਾਂਦਰੇ ਦਾ ਹਿੱਸਾ ਨਹੀਂ ਸਨ, ਕਿਉਂਕਿ ਉਨ੍ਹਾਂ ਨੇ ਗੱਠਜੋੜ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਤਾਮਿਲਨਾਡੂ ਵਿੱਚ ਸੱਤਾਧਾਰੀ ਟੀ ਵੀ ਕੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਪਾਰਟੀਆਂ ਕੋਲ ਸੰਸਦ ਮੈਂਬਰ ਹਨ ਅਤੇ ਜੋ ਮੂਲ ‘ਇੰਡੀਆ’ ਗੱਠਜੋੜ ਦਾ ਹਿੱਸਾ ਸਨ, ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਆਗੂਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ਏਕਤਾ ਕਾਇਮ ਕਰਨ ਅਤੇ ਆਪਣੀ ਰਣਨੀਤੀ ਨੂੰ ਮੁੜ ਉਲੀਕਣ ਲਈ ਵਿਚਾਰ-ਵਟਾਂਦਰਾ ਕੀਤਾ, ਜਦਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਟੀ ਐੱਮ ਸੀ ਅਤੇ ਡੀ ਐੱਮ ਕੇ ਵਰਗੀਆਂ ਖੇਤਰੀ ਪਾਰਟੀਆਂ ਦੀ ਹਾਰ ਤੋਂ ਬਾਅਦ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ”17 ਅਪਰੈਲ 2026 ਨੂੰ, ਅਸੀਂ ਲੋਕ ਸਭਾ ਵਿੱਚ ਬਹੁਤ ਨਿਰਣਾਇਕ ਢੰਗ ਨਾਲ ਆਪਣੀ ਏਕਤਾ ਅਤੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ, ਜਦੋਂ ਅਸੀਂ ਸਾਰੇ ਮੋਦੀ ਸਰਕਾਰ ਦੇ ਹੱਦਬੰਦੀ ਸੰਬੰਧੀ ਮਾੜੇ ਬਿੱਲਾਂ ਨੂੰ ਹਰਾਉਣ ਲਈ ਦ੍ਰਿੜ੍ਹਤਾ ਨਾਲ ਇਕੱਠੇ ਹੋਏ। ਹੁਣ ਸਾਨੂੰ ਉਸੇ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ, ਤਾਂ ਜੋ ਅਸੀਂ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਦੇਸ਼ ਨੂੰ ਦਰਪੇਸ਼ ਕਈ ਸਿਆਸੀ, ਆਰਥਿਕ, ਸਮਾਜੀ ਅਤੇ ਵਿਦੇਸ਼ ਨੀਤੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ।”
ਮੀਟਿੰਗ ਤੋਂ ਪਹਿਲਾਂ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਇਹ ਮੀਟਿੰਗ ਮਹੱਤਵਪੂਰਨ ਹੈ ਕਿਉਂਕਿ ਇਹ ਕਾਫੀ ਸਮੇਂ ਬਾਅਦ ਹੋ ਰਹੀ ਹੈ।
ਉਪਰੋਕਤ ਪਾਰਟੀਆਂ ਤੋਂ ਇਲਾਵਾ ਸਪਾ, ਜੇ ਐੱਮ ਐੱਮ, ਸੀ ਪੀ ਆਈ (ਐੱਮ ਐੱਲ), ਆਰ ਐੱਸ ਪੀ, ਆਈ ਯੂ ਐੱਮ ਐੱਲ, ਵੀ ਸੀ ਕੇ, ਐੱਮ ਡੀ ਐੱਮ ਕੇ, ਕੇਰਲ ਕਾਂਗਰਸ, ਕੇਰਲ ਕਾਂਗਰਸ (ਐੱਮ), ਆਰ ਐੱਲ ਪੀ, ਬੀ ਏ ਪੀ, ਲੋਕ ਦਲ, ਫਾਰਵਰਡ ਬਲਾਕ ਅਤੇ ਸ਼ੇਤਕਾਰੀ ਕਾਮਗਾਰ ਪਕਸ਼ ਦੇ ਆਗੂ ਅਤੇ ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਮੀਟਿੰਗ ਵਿੱਚ ਸ਼ਾਮਲ ਹੋਏ। ‘ਇੰਡੀਆ’ ਗੱਠਜੋੜ ਦੀ ਆਖਰੀ ਅਧਿਕਾਰਤ ਮੀਟਿੰਗ 1 ਜੂਨ, 2024 ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਵੀਂ ਦਿੱਲੀ ਵਿੱਚ ਹੋਈ ਸੀ।




