ਐੱਸ ਆਈ ਆਰ ਤਹਿਤ ਵੋਟਾਂ ਕੱਟਣੀਆਂ ਬਰਦਾਸ਼ਤ ਨਹੀਂ ਕਰਾਂਗੇ : ਅਰਸ਼ੀ
ਮਾਨਸਾ (ਆਤਮਾ ਸਿੰਘ ਪਮਾਰ)
ਦੇਸ਼ ਦੀ ਆਜ਼ਾਦੀ ‘ਚ ਵਿਸ਼ੇਸ਼ ਯੋਗਦਾਨ ਤੇ ਕੁਰਬਾਨੀਆਂ ਦੇਣ ਵਾਲਾ ਸੂਬਾ ਪੰਜਾਬ ਅੱਜ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਇਹ ਧਰਤੀ ਗੁਰੂਆ, ਪੀਰਾਂ ਤੇ ਦੇਸ਼ ਭਗਤਾਂ ਦੀ ਵਿਰਾਸਤ ਹੈ। ਬੇਸ਼ੱਕ ਨਸ਼ਾ, ਬੇਰੁਜ਼ਗਾਰੀ, ਗੈਂਗਸਟਰਵਾਦ ਤੇ ਕਰਜ਼ਾ ਪੰਜਾਬ ਲਈ ਸਰਾਪ ਬਣਿਆ ਹੋਇਆ ਹੈ, ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਆਪਣੇ ਸਿਆਸੀ ਮੁਫਾਦਾਂ ਤੇ ਹਿੱਤਾਂ ਲਈ ਪੰਜਾਬ ਨੂੰ ਤਬਾਹੀ ਵੱਲ ਧੱਕ ਰਹੀ ਹੈ। ਪਹਿਲਾਂ ਬੀ ਬੀ ਐੱਮ ਬੀ ਤਹਿਤ ਪੰਜਾਬ ਦੇ ਪਾਣੀਆਂ ਨੂੰ ਕੇਂਦਰੀਕਰਨ ਦੇ ਨਾਅਰੇ ਤਹਿਤ ਪੰਜਾਬ ਦੀ ਮੈਂਬਰੀ ਖਤਮ ਕਰਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮਾਨਸਾ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਮੌਕੇ ਸੰਬੋਧਨ ਕਰਦਿਆਂ ਕੀਤਾ।
ਉਹਨਾ ਅਫਸੋਸ ਜ਼ਾਹਿਰ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰ ਨੌਜਵਾਨਾਂ ਦੀ ਅਵਾਜ਼ ਨੂੰ ਪੁਲਸ ਤੇ ਡੰਡੇ ਦੇ ਜ਼ੋਰ ਨਾਲ ਬੰਦ ਕੀਤਾ ਜਾ ਰਿਹਾ ਹੈ। ਉਹਨਾ ਮਨਰੇਗਾ, ਕਰਜ਼ ਮੁਆਫੀ, ਰੁਜ਼ਗਾਰ ਤੇ ਨਸ਼ਿਆਂ ਦੇ ਮੁੱਦਿਆਂ ‘ਤੇ ਲੋਕ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ਸਮੇਂ ਅਖੌਤੀ ਇਨਕਲਾਬੀ ਤੇ ਸੰਘੀਆਂ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਵਧ ਰਹੀਆਂ ਗੈਸ, ਤੇਲ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਵੀ ਅਹਿਦ ਲਿਆ।
ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ‘ਤੇ ਅਸਿੱਧੇ ਤੌਰ ‘ਤੇ ਕਬਜ਼ਾ ਕਰਨ ਲਈ ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਐੱਸ ਆਈ ਆਰ ਦੇ ਬਹਾਨੇ ਵੋਟਾਂ ਕੱਟਣ ਦੀਆਂ ਗੋਂਦਾਂ ਗੁੰਦ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮਿਊਨਿਸਟ ਆਗੂ ਨੇ ਲੋਕਾਂ ਨੂੰ ਚੇਤਨ ਕਰਦਿਆਂ ਕਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਦੇ ਫਿਰਕੂ ਫਾਸ਼ੀਵਾਦੀ ਏਜੰਡੇ ‘ਤੇ ਚਲਦਿਆਂ ਰਾਜਾਂ ਦੇ ਅਧਿਕਾਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ 11 ਕਰੋੜ ਲੋਕਾਂ ਦੀ ਬੋਲੀ ਪੰਜਾਬੀ ਨੂੰ ਇਸੇ ਫਿਰਕੂ ਏਜੰਡੇ ਤਹਿਤ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।ਵਿਦਿਅਕ ਅਦਾਰਿਆਂ ‘ਚੋਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੇ ਬਾਂਨ੍ਹਣੂ ਬੰਨ੍ਹੇ ਜਾ ਰਹੇ ਹਨ।
ਕਾਮਰੇਡ ਅਰਸ਼ੀ ਨੇ ਕਿਹਾ ਕਿ 50 ਕਿਲੋਮੀਟਰ ਦੇ ਘੇਰੇ ਅੰਦਰ ਬਾਰਡਰ ਸੁਰੱਖਿਆ ਦਾ ਹਵਾਲਾ ਦੇ ਕੇ ਬੀ ਐੱਸ ਐੱਫ ਰਾਹੀਂ ਪੰਜਾਬ ‘ਤੇ ਕੇਂਦਰ ਵੱਲੋਂ ਸਿੱਧੇ ਤੌਰ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਅਜ਼ਾਦੀ ਤੋਂ ਪਹਿਲਾਂ ਹੋਂਦ ‘ਚ ਆਈ ਪੰਜਾਬ ਯੂਨੀਵਰਸਿਟੀ ਨੂੰ ਤੁਗਲਕੀ ਫੁਰਮਾਨ ਜਾਰੀ ਕਰਕੇ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੋਕ ਸੰਘਰਸ਼ ਦੇ ਬਲਬੂਤੇ ਹੀ ਬਚਾਇਆ ਗਿਆ। ਸਮੁੱਚਾ ਪ੍ਰੋਗਰਾਮ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਐਡਵੋਕੇਟ ਕੁਲਵਿੰਦਰ ਉਡਤ ਦੀ ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ।
ਕਨਵੈਨਸ਼ਨ ਵੇਦ ਪ੍ਰਕਾਸ਼ ਬੁਢਲਾਡਾ, ਗੁਰਮੀਤ ਸਿੰਘ ਜੋਗਾ, ਰੂਪ ਸਿੰਘ ਢਿੱਲੋਂ, ਸੀਤਾਰਾਮ ਗੋਬਿੰਦਪੁਰਾ, ਸਾਧੂ ਸਿੰਘ ਰਾਮਾਨੰਦੀ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਭੀਖੀ, ਜਗਸੀਰ ਰਾਏਕੇ ਐੱਮ ਸੀ, ਮਲਕੀਤ ਮੰਦਰਾਂ, ਰਤਨ ਭੋਲਾ, ਅਰਵਿੰਦਰ ਕੌਰ, ਗੁਰਮੇਲ ਕੌਰ ਸਾਬਕਾ ਐੱਮ ਸੀ, ਮਲਕੀਤ ਸਿੰਘ ਜੋਗਾ, ਚਿਮਨ ਲਾਲ ਕਾਕਾ, ਰਘੂਨਾਥ ਸਿੰਗਲਾ, ਹਰਦਿਆਲ ਸਿੰਘ ਬੁਢਲਾਡਾ, ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਫੱਕਰ, ਬੂਟਾ ਸਿੰਘ ਬਰਨਾਲਾ, ਪੂਰਨ ਸਿੰਘ ਸਰਦੂਲਗੜ੍ਹ, ਗੁਰਪਿਆਰ ਸਿੰਘ ਫੱਤਾ, ਕਰਨੈਲ ਸਿੰਘ ਦਾਤੇਵਾਸ, ਗੋਰਾ ਟਾਹਲੀਆਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੇਤੂ ਮਿਊਂਸਪਲ ਕੌਸਲਰਾਂ ਤੋਂ ਇਲਾਵਾ ਚੋਣਾਂ ਦੌਰਾਨ ਜਚਵੀਂ ਲੜਾਈ ਦੇਣ ਵਾਲੇ ਉਮੀਦਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।ਪ੍ਰੋਗਰਾਮ ਉਪਰੰਤ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ।ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ।





