ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਿੰਸਾ ਹੋਰ ਜ਼ਿਆਦਾ ਵਧ ਗਈ ਹੈ। ਇੱਥੋਂ ਦੇ ਪ੍ਰਦਰਸ਼ਨਕਾਰੀ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਪੂਰੇ ਖੇਤਰ ਵਿੱਚ ਆਰਥਿਕ ਤੰਗੀ, ਪ੍ਰਸ਼ਾਸਨਿਕ ਸਮੱਸਿਆਵਾਂ ਅਤੇ ਸਿਆਸੀ ਨੁਮਾਇੰਦਗੀ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਦਬਾਉਣ ਲਈ ਕੀਤੀ ਗਈ ਪੁਲਸ ਕਾਰਵਾਈ ਦੌਰਾਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 200 ਲੋਕ ਜ਼ਖ਼ਮੀ ਹੋਏ ਹਨ। ਇਹ ਸਾਰਾ ਵਿਵਾਦ ‘ਜਾਇੰਟ ਅਵਾਮੀ ਐਕਸ਼ਨ ਕਮੇਟੀ’ ਦੁਆਲੇ ਘੁੰਮ ਰਿਹਾ ਹੈ। ਇਹ ਆਮ ਲੋਕਾਂ ਦਾ ਇੱਕ ਅਜਿਹਾ ਸੰਗਠਨ ਹੈ, ਜਿਸ ਨੇ ਮਹਿੰਗਾਈ, ਬਿਜਲੀ ਦੇ ਵਧੇ ਰੇਟਾਂ, ਬੇਰੁਜ਼ਗਾਰੀ ਅਤੇ ਸਿਆਸੀ ਹੱਕਾਂ ਨੂੰ ਲੈ ਕੇ ਅੰਦੋਲਨ ਛੇੜਿਆ ਹੋਇਆ ਹੈ।
ਮੰਗਲਵਾਰ ਇਸ ਸੰਗਠਨ ਵੱਲੋਂ ਪੂਰੇ ਇਲਾਕੇ ਵਿੱਚ ਹੜਤਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਸ ਦੇ ਸਮਰਥਕਾਂ ਉਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਤਣਾਅ ਹੋਰ ਜ਼ਿਆਦਾ ਵਧ ਗਿਆ। ਕੌਮਾਂਤਰੀ ਮੀਡੀਆ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ ਰਾਵਲਕੋਟ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਝੜਪਾਂ ਹੋਈਆਂ। ਇਨ੍ਹਾਂ ਝੜਪਾਂ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਅਤੇ ਸੋਕ ਸਭਾ ਵਿੱਚ ਸ਼ਾਮਲ ਲੋਕਾਂ ‘ਤੇ ਸੁਰੱਖਿਆ ਬਲਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ।




