ਪੀ ਆਰ ਟੀ ਸੀ ਦੇ ਰਿਟਾਇਰਡ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਰੋਸ ਰੈਲੀ

0
8

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਇੱਥੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਮੁਹੰਮਦ ਖਲੀਲ, ਨਿਰਮਲ ਸਿੰਘ ਧਾਲੀਵਾਲ, ਸੁਖਦੇਵ ਰਾਮ ਸੁਖੀ, ਗੁਰਵਿੰਦਰ ਸਿੰਘ ਗੋਲਡੀ ਅਤੇ ਰਮੇਸ਼ ਕੁਮਾਰ ਦੀ ਅਗਵਾਈ ਵਿੱਚ ਸੇਵਾ-ਮੁਕਤ ਕਰਮਚਾਰੀਆਂ ਦੀਆਂ ਮੰਗਾਂ ਅਤੇ ਪੀ ਆਰ ਟੀ ਸੀ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਪਹੁੰਚਾਏ ਜਾ ਰਹੇ ਨੁਕਸਾਨ ਦੇ ਸੰਬੰਧ ਵਿੱਚ ਮੰਗਲਵਾਰ ਇੱਥੇ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੇਵਾ-ਮੁਕਤ ਕਰਮਚਾਰੀਆਂ ਨੇ ਭਾਗ ਲਿਆ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟ ਕੀਤਾ ਗਿਆ।
ਧਾਲੀਵਾਲ ਤੇ ਖਲੀਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ ਮੁਫ਼ਤ ਸਫਰ ਸਹੂਲਤਾ ਦਾ 700 ਕਰੋੜ ਰੁਪਏ ਤੋਂ ਵੱਧ ਦੀ ਰਕਮ ਖੜੀ ਹੋਣ ਦੇ ਬਾਵਜੂਦ ਵਰਕਰਾਂ ਨੂੰ ਹਰ ਇੱਕ ਮਹੀਨੇ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ, ਤਾਂ ਵੀ ਕਦੇ-ਕਦਾਈਂ ਪੂਰੀ ਤਨਖਾਹ, ਪੈਨਸ਼ਨ ਦੀ ਅਦਾਇਗੀ ਸਮੇਂ ਸਿਰ ਕਰਨ ਨੂੰ ਛੱਡ ਕੇ ਬਾਕੀ ਮਹੀਨਿਆਂ ਵਿੱਚ ਕਦੇ ਅੱਧੀ, ਕਦੇ ਪੌਣੀ ਤਨਖਾਹ-ਪੈਨਸ਼ਨ ਹੀ ਦਿੱਤੀ ਜਾਂਦੀ ਹੈ। ਮੈਨੇਜਮੈਂਟ ਦਾ ਇੱਕੋ ਜਵਾਬ ਹੁੰਦਾ ਹੈ ਕਿ ਸਰਕਾਰ ਤੋਂ ਪੈਸੇ ਨਹੀਂ ਆਉਂਦੇ। ਸੇਵਾ-ਮੁਕਤ ਹੋਏ ਬਹੁਤ ਸਾਰੇ ਕਰਮਚਾਰੀਆਂ ਨੂੰ ਸਾਲਾਂਬੱਧੀ ਸਮੇਂ ਤੋਂ ਸੇਵਾ-ਮੁਕਤੀ ਲਾਭ ਨਹੀਂ ਦਿੱਤੇ ਗਏ। ਮੈਡੀਕਲ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾਂਦਾ। ਅਨੇਕਾਂ ਕਿਸਮ ਦੇ ਹੋਰ ਬਕਾਏ ਵੀ ਸਾਲਾਂਬੱਧੀ ਸਮੇਂ ਤੋਂ ਅਦਾ ਨਹੀਂ ਕੀਤੇ ਜਾ ਰਹੇ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੇਵਾ-ਮੁਕਤ ਕਰਮਚਾਰੀਆਂ ਨੂੰ ਸਮੇਂ ਸਿਰ ਪੈਨਸ਼ਨ ਅਤੇ ਹੋਰ ਬਕਾਏ ਸਮੇਤ ਮੈਡੀਕਲ ਬਿੱਲਾਂ ਦੇ ਪੈਸੇ ਦੇਣ ਤੋਂ ਲਗਾਤਾਰ ਪਾਸਾ ਵੱਟਣ ਦੀ ਕੋਸ਼ਿਸ਼ ਕਰਦੀ ਹੈ। ਮੁਫ਼ਤ ਸਫਰ ਸਹੂਲਤਾ ਦੇ ਪੈਸੇ ਨਾ ਦੇ ਕੇ ਜਿੱਥੇ ਤਨਖਾਹਾਂ, ਪੈਨਸ਼ਨਰਾਂ ਦਾ ਭੁਗਤਾਨ ਨਹੀਂ ਹੋਣ ਦਿੱਤਾ ਜਾਂਦਾ, ਉੱਥੇ ਹੀ ਬੁਢਾਪੇ ਦੀਆਂ ਬਿਮਾਰੀਆਂ ਲਈ ਇਲਾਜ ਤੇ ਖਰਚੇ ਪੈਸੇ ਵੀ ਸਾਲ-ਸਾਲ ਨਹੀਂ ਦਿੱਤੇ ਜਾਦੇ। ਇਸੇ ਤਰ੍ਹਾਂ ਹੋਰ ਅਨੇਕਾਂ ਕਿਸਮ ਦੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ। ਇਸ ਦਾ ਵੱਡਾ ਕਾਰਨ ਪੰਜਾਬ ਸਰਕਾਰ ਦਾ ਇਸ ਮਹਿਕਮੇ ਵੱਲ ਉਕਾ ਹੀ ਕੋਈ ਧਿਆਨ ਨਾ ਦੇਣਾ ਅਤੇ ਮੈਨੇਜਮੈਂਟ ਵੱਲੋਂ ਕੋਈ ਜਤਨ ਨਾ ਕਰਨਾ ਹੈ।
ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸੇਵਾ-ਮੁਕਤ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਐਕਸ਼ਨ ਕਮੇਟੀ ਵੱਲੋਂ ਜੂਨ ਦੇ ਆਖਰੀ ਹਫਤੇ ਪੀ ਆਰ ਟੀ ਸੀ ਦੇ ਮੁੱਖ ਦਫਤਰ ਸਾਹਮਣੇ ਦਿੱਤੇ ਜਾਣ ਵਾਲੇ ਵਿਸ਼ਾਲ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇਗਾ।