ਮੋਗਾ (ਨ ਜ਼ ਸ)-ਮੋਗਾ ਜ਼ਿਲ੍ਹੇ ਦੇ ਗੁਰਦੁਆਰਿਆਂ ਵਿੱਚ ਬੇਅਦਬੀ ਦੀਆਂ ਦੋ ਘਟਨਾਵਾਂ ਵਿੱਚ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਿਆ ਹੈ। ਪਹਿਲੀ ਘਟਨਾ ਵਿੱਚ ਮੋਗਾ ਦੇ ਸਥਾਨਕ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਸ਼ਰਧਾਲੂਆਂ ਅਤੇ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਇੱਕ ਅਣਪਛਾਤੀ ਔਰਤ ਨੇ ਇਹ ਵਸਤੂ ਰੱਖੀ ਸੀ। ਸ਼ੱਕੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਸ਼ਾਂਤ ਰਹਿਣ ਅਤੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ।
ਪ੍ਰਬੰਧਕਾਂ ਨੇ ਬਿਆਨ ਦਿੱਤਾ, ‘ਅਸੀਂ ਭਾਈਚਾਰੇ ਨੂੰ ਅੰਧਵਿਸ਼ਵਾਸ ਅਤੇ ਅੰਨ੍ਹੀ ਸ਼ਰਧਾ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ। ਘਬਰਾਓ ਨਾ ਅਤੇ ਗਲਤ ਜਾਣਕਾਰੀ ਨਾ ਫੈਲਾਓ। ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਦਿਓ।’ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਸਤੂ ਦੀ ਕਿਸਮ ਤੇ ਇਸ ਕਾਰੇ ਦੇ ਪਿੱਛੇ ਦੇ ਮਨੋਰਥ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ।
ਦੂਜੀ ਘਟਨਾ ਵਿੱਚ ਪੁਲਸ ਨੇ ਇੱਕ ਨੌਜਵਾਨ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਸ ਨੇ ਕਥਿਤ ਤੌਰ ‘ਤੇ ਮੋਗਾ ਦੇ ਧਰਮਕੋਟ ਇਲਾਕੇ ਵਿੱਚ ਗੁਰਦੁਆਰਾ ਧਰਮ ਕੀ ਪੌੜੀ ਵਿੱਚ ਸੰਨ੍ਹ ਲਗਾਈ, ਗੋਲਕ ਵਿੱਚੋਂ ਨਕਦੀ ਚੋਰੀ ਕੀਤੀ ਅਤੇ ਪਵਿੱਤਰ ਅਸਥਾਨ ਦੀ ਮਰਿਆਦਾ ਨੂੰ ਭੰਗ ਕੀਤਾ। ਪੁਲਸ ਸੂਤਰਾਂ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਮੁੱਖ ਹਾਲ ਵਿੱਚ ਉਸ ਸਮੇਂ ਦਾਖਲ ਹੋਇਆ, ਜਦੋਂ ਗ੍ਰੰਥੀ ਸਿੰਘ ਦਰਵਾਜ਼ੇ ਲਾਕ ਕਰਕੇ ਰੋਜ਼ਾਨਾ ਦੇ ਕੰਮ ਲਈ ਬਾਹਰ ਗਏ ਹੋਏ ਸਨ। ਉਸ ਨੇ ਕਥਿਤ ਤੌਰ ‘ਤੇ ਸੁਖ ਆਸਨ ਸਾਹਿਬ ਵਾਲੀ ਜਗ੍ਹਾ, ਜਿੱਥੇ ਪਵਿੱਤਰ ਸਰੂਪ ਰੱਖੇ ਜਾਂਦੇ ਹਨ, ਤੱਕ ਪਹੁੰਚਣ ਲਈ ਇੱਕ ਸ਼ੀਸ਼ੇ ਦੀ ਢਾਲ (ਸ਼ੀਸ਼ਾ) ਤੋੜ ਦਿੱਤੀ ਅਤੇ ਅੰਦਰੋਂ ਨਕਦੀ ਚੋਰੀ ਕਰਨ ਲਈ ਗੋਲਕ ਨੂੰ ਨਿਸ਼ਾਨਾ ਬਣਾਇਆ। ਚੋਰੀ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਸ਼ਰਧਾਲੂ ਨੇ ਉਸ ਦੀਆਂ ਸ਼ੱਕੀ ਹਰਕਤਾਂ ਨੂੰ ਦੇਖ ਲਿਆ ਅਤੇ ਰੌਲਾ ਪਾ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ।
ਉਸ ਕੋਲੋਂ ਤੰਬਾਕੂ ਬਰਾਮਦ ਹੋਇਆ ਹੈ, ਜਿਸ ਨਾਲ ਇਸ ਮਾਮਲੇ ਵਿੱਚ ਬੇਅਦਬੀ ਦਾ ਪਹਿਲੂ ਜੁੜ ਗਿਆ ਹੈ। ਐੱਸ ਐੱਚ ਓ ਲਕਸ਼ਮਣ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ। ਇਸੇ ਦੌਰਾਨ ਜਲੰਧਰ ਦੇ ਪਿੰਡ ਸੰਘਵਾਲ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ। ਮਾਮਲੇ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਪਿੰਡ ਸੰਘਵਾਲ ਦੇ ਗੁਰਦੁਆਰਾ ਦੇ ਗ੍ਰੰਥੀ ਨੇ ਰਿਪੋਰਟ ਦਿੱਤੀ ਕਿ ਇੱਕ ਪ੍ਰਵਾਸੀ ਔਰਤ ਨੇ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਇਸ ਘਟਨਾ ਮਗਰੋਂ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੌਕੀ ਇੰਚਾਰਜ ਅਨੁਸਾਰ ਹੈੱਡ ਗ੍ਰੰਥੀ ਕਮਲਜੀਤ ਲਾਲ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਘਟਨਾ ਵੇਲੇ ਉਹ ਬਾਥਰੂਮ ਚਲਾ ਗਿਆ। ਬੱਚੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰ ਰਹੇ ਸਨ ਜਦੋਂ ਇੱਕ ਔਰਤ ਅੰਦਰ ਦਾਖਲ ਹੋਈ। ਉਹ ਗੁਟਕਾ ਸਾਹਿਬ ਨੂੰ ਹੱਥ ‘ਚ ਲੈ ਕੇ ਅੰਗਾਂ ਨੂੰ ਪਾੜਨ ਲੱਗੀ। ਇਸ ਦੌਰਾਨ ਉਸ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਪੁਲਿਸ ਮੁਤਾਬਿਕ ਉਕਤ ਮਹਿਲਾ ਬਿਹਾਰ ਦੀ ਰਹਿਣ ਵਾਲੀ ਹੈ ਜਿਸ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਝਾਰਖੰਡੀ ਬੋਲਦੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ।




