ਵੀਡੀਓ ‘ਚ ਭਗਵੰਤ ਮਾਨ ਨਹੀਂ, ਦੋ ਲੈਬਾਰਟਰੀਆਂ ਦੀ ਰਿਪੋਰਟ : ਚੀਮਾ

0
10

ਚੰਡੀਗੜ੍ਹ (ਨ ਜ਼ ਸ)-ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਨੂੰ ਮੁਹਾਲੀ ਵਿਖੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਸੰਬੰਧੀ ਵਾਇਰਲ ਹੋਈ ਵਿਵਾਦਤ ਵੀਡੀਓ ਬਾਰੇ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਲਈ ਪਾਰਟੀ ਦਾ ਇੱਕ ਵਫਦ ਡੀ ਜੀ ਪੀ ਪੰਜਾਬ ਨੂੰ ਮਿਲੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਵਿਵਾਦਤ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਣ ਦਾ ਕੀਤਾ ਗਿਆ ਜ਼ਿਕਰ ਅਕਾਲੀ ਦਲ ਵੱਲੋਂ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਵਾਦਗ੍ਰਸਤ ਵੀਡੀਓ ਦੀ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦੋ ਸੁਤੰਤਰ ਪ੍ਰਮੁੱਖ ਲੈਬਾਰਟਰੀਆਂ ਵਿੱਚ ਚੈੱਕ ਕਰਵਾਈ ਗਈ ਹੈ। ਉਨ੍ਹਾ ਕਿਹਾ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਚੈੱਕ ਕਰਵਾਈ ਗਈ ਵੀਡੀਓ ਵਿੱਚ ਮੌਜੂਦ ਵਿਅਕਤੀ ਦੀ 1191 ਐਂਗਲਾਂ ਤੋਂ ਪੜਤਾਲ ਕੀਤੀ ਗਈ ਹੈ। ਜਿਸ ਵਿੱਚ ਦੋਵਾਂ ਲੈਬਾਰਟਰੀਆਂ ਨੇ ਇਹ ਰਿਪੋਰਟ ਦਿੱਤੀ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ, ਸਗੋਂ ਕੋਈ ਹੋਰ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਅਕਾਲੀ ਦਲ ਉੱਤੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵੀਡੀਓ ਪਿੱਛੇ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਕਾਨੂੰਨ ਬਣਾਇਆ ਗਿਆ ਹੈ, ਉਦੋਂ ਤੋਂ ਹੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਅਤੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ, ਜਿਸ ਨੂੰ ਕਿ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ 1986 ਵਿੱਚ ਨਕੋਦਰ ਅਤੇ 2015 ਵਿੱਚ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਅਤੇ ਬੇਦੋਸ਼ੇ ਨੌਜਵਾਨਾਂ ਨੂੰ ਗੋਲੀਆਂ ਮਰਾਉਣ ਦੇ ਦੋਸ਼ ਵੀ ਲਾਏ ਅਤੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਅਜਿਹੀਆਂ ਸਾਜ਼ਿਸ਼ਾਂ ਰਚਦਾ ਆਇਆ ਹੈ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬੀਆਂ ਲਈ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ, ਜਿਸ ਤੋਂ ਅਕਾਲੀ ਦਲ ਅਤੇ ਉਨ੍ਹਾਂ ਦੇ ਚਹੇਤਿਆਂ ਨੂੰ ਤਕਲੀਫ ਹੋ ਰਹੀ ਹੈ।