ਅੰਮ੍ਰਿਤਸਰ : ਕਮਿਸ਼ਨਰੇਟ ਪੁਲਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਅਪਰੇਸ਼ਨ ਵਿੱਚ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਜਿਸ ਤਹਿਤ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕੋਲੋਂ 10 ਆਧੁਨਿਕ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਦੋ ਸਬ-ਮਸ਼ੀਨ ਗੰਨ ਸ਼ਾਮਲ ਹਨ। ਇਸ ਤੋਂ ਇਲਾਵਾ 5.048 ਕਿਲੋਗ੍ਰਾਮ ਹੈਰੋਇਨ ਅਤੇ 30.38 ਲੱਖ ਰੁਪਏ ਹਵਾਲਾ ਮਨੀ ਸ਼ਾਮਲ ਹੈ। ਇਸ ਦਾ ਖੁਲਾਸਾ ਡੀ ਜੀ ਪੀ ਗੌਰਵ ਯਾਦਵ ਨੇ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵਿਦੇਸ਼ੀ-ਅਧਾਰਤ ਹੈਂਡਲਰਾਂ ਨਾਲ ਜੁੜੇ ਹੋਏ ਸਨ।
ਕੈਨੇਡਾ ‘ਚ ਭਾਰਤੀ ਦਾਲ-ਰੋਟੀ ਰੈਸਟੋਰੈਂਟ ਦੇ ਬਾਹਰ ਫਾਇਰਿੰਗ
ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਫਾਇਰਿੰਗ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਪੋਸਟ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਆਪ ਨੂੰ “ਰਾਜਾ ਪਹਿਲਵਾਨ” ਦੱਸਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ‘ਦਾਲ ਰੋਟੀ ਰੈਸਟੋਰੈਂਟ’ ਦੇ ਬਾਹਰ ਗੋਲੀਆਂ ਚਲਾਈਆਂ। ਪੋਸਟ ਅਨੁਸਾਰ ਇਹ ਹਮਲਾ ਰੈਸਟੋਰੈਂਟ ਮਾਲਕ ਨੂੰ ਚਿਤਾਵਨੀ ਦੇਣ ਲਈ ਕੀਤਾ ਗਿਆ ਹੈ। ਦੋਸ਼ ਲਾਇਆ ਗਿਆ ਕਿ ਉੱਥੇ ਕੰਮ ਕਰਨ ਵਾਲੇ ਕੁੱਝ ਵਿਦਿਆਰਥੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ ਅਤੇ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪੁਲਸ ਨੂੰ ਸ਼ੱਕ ਹੈ ਕਿ ਇਸ ਘਟਨਾ ਦੇ ਤਾਰ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਦੇ ਗਰੋਹ ਨਾਲ ਜੁੜੇ ਹੋ ਸਕਦੇ ਹਨ।
ਮੰਦਰ ‘ਚ ਚੋਰੀ
ਮੋਹਾਲੀ : ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਇਨਕਲੇਵ ਵਿਚ ਪੈਂਦੇ ਪਿੰਡ ਫਤਿਹ ਉਲਾਪੁਰ ਸਥਿਤ ਮੰਦਰ ਵਿਚ ਚੋਰ ਵਲੋਂ ਅੰਦਰ ਵੜ ਕੇ ਦੇਰ ਰਾਤ ਗੋਲਕ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਕੈਦ ਹੋ ਗਈ ਹੈ।




