ਕਿਸੇ ਨੂੰ ਪੁੱਤ ਤੇ ਕਿਸੇ ਨੂੰ ਭਰਾ ਦਾ ਸਤਿਕਾਰ ਮਿਲਿਆ
ਧੂਰੀ/ਸੰਗਰੂਰ (ਮਨੋਹਰ ਸੱਗੂ, ਮੋਹਿਤ ਗਰਗ, ਬਿੰਨੀ ਗਰਗ/ਪ੍ਰਵੀਨ ਸਿੰਘ)
ਪੰਜਾਬ ਭਰ ਦੀਆਂ ਲੱਖਾਂ ਔਰਤਾਂ ਦੀ ਉਡੀਕ ਬੁੱਧਵਾਰ ਉਸ ਵੇਲੇ ਖ਼ਤਮ ਹੋ ਗਈ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਆਪਣੀ ਆਖ਼ਰੀ ਚੋਣ ਗਾਰੰਟੀ ਨੂੰ ਪੂਰਾ ਕਰਦਿਆਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ। ਧੂਰੀ ਵਿਖੇ ਵਿਸ਼ੇਸ਼ ਵੈੱਬ ਪੋਰਟਲ ਰਾਹੀਂ ਇਸ ਸਕੀਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਸਤਿਕਾਰ ਰਾਸ਼ੀ ਸਿੱਧੀ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਹਰੇਕ ਔਰਤ ਨੂੰ 3,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 4,500 ਮਿਲੇ ਹਨ। ਸਮਾਗਮ ਦੌਰਾਨ ਹੀ ਲਾਭਪਾਤਰੀਆਂ ਨੂੰ ਭੁਗਤਾਨ ਸ਼ੁਰੂ ਹੋ ਗਿਆ ਅਤੇ ਔਰਤਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨਾਂ ‘ਤੇ ਐੱਸ ਐੱਮ ਐੱਸ ਰਾਹੀਂ ਪੈਸੇ ਖ਼ਾਤੇ ਵਿੱਚ ਆਉਣ ਦਾ ਸੰਦੇਸ਼ ਮਿਲਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਵਿੱਤੀ ਸਹਾਇਤਾ ਔਰਤਾਂ ਨੂੰ ਅਮੀਰ ਨਾ ਬਣਾਵੇ, ਪਰ ਇਹ ਉਨ੍ਹਾਂ ਨੂੰ ਮਾਣ-ਸਨਮਾਨ ਜ਼ਰੂਰ ਦੇਵੇਗੀ।
ਇਸ ਸਕੀਮ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਦਾ ਭਰਾ, ਪੁੱਤਰ ਅਤੇ ਭਤੀਜਾ ਹੋਣ ਦੇ ਨਾਤੇ ਉਹ ਹਰ ਲਾਭਪਾਤਰੀ ਨੂੰ ਭਰੋਸਾ ਦਿਵਾਉਂਦੇ ਹਨ ਕਿ ਇਹ ਸਕੀਮ ਕਦੇ ਵੀ ਬੰਦ ਨਹੀਂ ਹੋਵੇਗੀ, ਕਿਉਂਕਿ ਇਹ ਲੋਕਾਂ ਵਿੱਚ ਜਤਾਏ ਗਏ ਵਿਸ਼ਵਾਸ ਦਾ ਪ੍ਰਤੀਕ ਹੈ।ਉਨ੍ਹਾ ਕਿਹਾ—ਔਰਤਾਂ ਦੇ ਮੋਬਾਇਲ ਫੋਨ ਨੋਟੀਫਿਕੇਸ਼ਨਾਂ ਨਾਲ ਬੀਪ ਕਰਨਾ ਸ਼ੁਰੂ ਕਰ ਦੇਣਗੇ, ਜੋ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ, ਜਿੱਥੇ ਔਰਤਾਂ ਮਾਣ ਅਤੇ ਸਨਮਾਨ ਨਾਲ ਜਿਊਣਗੀਆਂ।ਇਹ ਔਰਤਾਂ ਪ੍ਰਤੀ ਸਾਡੇ ਸਨਮਾਨ ਨੂੰ ਦਰਸਾਉਂਦਾ ਹੈ ਅਤੇ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਦੇਸ਼ ਪੱਧਰ ਦੀ ਸਭ ਤੋਂ ਵੱਡੀ ਔਰਤ ਸਤਿਕਾਰ ਯੋਜਨਾ ਹੈ। ਇਸ ਸਕੀਮ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਸੂਬੇ ਵਿੱਚ ਇਸ ਇਨਕਲਾਬੀ ਸਕੀਮ ਤਹਿਤ ਹੁਣ ਤੱਕ 40 ਲੱਖ ਤੋਂ ਵੱਧ ਔਰਤਾਂ ਦੀ ਸਫਲ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਯੋਗ ਲਾਭਪਾਤਰੀਆਂ ਦੇ ਨਾਂਅ ਦਰਜ ਕਰਨ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਤਾਂ ਜੋ ਕੋਈ ਵੀ ਲੋੜਵੰਦ ਔਰਤ ਇਸ ਤੋਂ ਵਾਂਝੀ ਨਾ ਰਹੇ।
ਮਾਨ ਨੇ ਕਿਹਾ ਕਿ ਜੋ ਲੋਕ ਪ੍ਰਚਾਰ ਕਰ ਰਹੇ ਹਨ ਕਿ 1,000 ਜਾਂ 1,500 ਰੁਪਏ ਨਾਲ ਕੁਝ ਨਹੀਂ ਹੁੰਦਾ, ਉਹ ਲੋੜਵੰਦ ਅਤੇ ਗਰੀਬ ਪਰਵਾਰਾਂ ਦੇ ਹਾਲਾਤ ਤੋਂ ਬਿਲਕੁਲ ਅਣਜਾਣ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਆਮ ਪਰਵਾਰਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਘਰੇਲੂ ਖਰਚਿਆਂ ਅਤੇ ਸਮਾਜਿਕ ਰਸਮਾਂ-ਰਿਵਾਜਾਂ ਲਈ ਇੱਕ ਬਹੁਤ ਵੱਡਾ ਸਹਾਰਾ ਸਾਬਿਤ ਹੋਵੇਗੀ। ਹੁਣ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਆਪਣੇ ਨਿੱਜੀ ਖਰਚਿਆਂ ਲਈ ਪਰਵਾਰ ਦੇ ਹੋਰਨਾਂ ਮੈਂਬਰਾਂ ਅੱਗੇ ਹੱਥ ਨਹੀਂ ਅੱਡਣੇ ਪੈਣਗੇ, ਜਿਸ ਨਾਲ ਸਮਾਜ ਵਿੱਚ ਉਨ੍ਹਾਂ ਦਾ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।ਇਸ ਮੌਕੇ ਹੋਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੂਬਾਈ ਇੰਚਾਰਜ ਮਨੀਸ਼ ਸਿਸੋਦੀਆ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਮੋਗਾ ਤੋਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਹਨਾਂ ਤੋਂ ਇਲਾਵਾ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਅਸ਼ੋਕ ਕੁਮਾਰ ਲੱਖਾ, ਸਤਿੰਦਰ ਸਿੰਘ ਚੱਠਾ, ਰਛਪਾਲ ਸਿੰਘ ਭੁੱਲਰ, ਰਣਜੋਧ ਸਿੰਘ ਕਾਂਝਲਾ, ਅਮਰਦੀਪ ਸਿੰਘ ਧਾਂਦਰਾ, ਐਡਵੋਕੇਟ ਹੈਪੀ ਗਰਗ, ਸੰਦੀਪ ਬਾਂਸਲ, ਬਲਵਿੰਦਰ ਸਿੰਘ ਬਿੱਲੂ, ਵਿਕਰਾਂਤ ਸਿੰਘ ਚੱਠਾ, ਹਰਜਿੰਦਰ ਸਿੰਘ ਕਾਂਝਲਾ, ਗਗਨ ਜਵੰਧਾ ਅਤੇ ਪਰਮਿੰਦਰ ਸਿੰਘ ਨੂਰ ਔਲਖ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਹਜ਼ਾਰਾਂ ਦੀ ਤਾਦਾਦ ‘ਚ ਮਹਿਲਾ ਲਾਭਪਾਤਰੀ ਹਾਜ਼ਰ ਸਨ।





