ਨਵੀਂ ਦਿੱਲੀ (ਨ ਜ਼ ਸ)
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਨਵੀਂ ਈ ਪੀ ਐੱਫ ਯੋਜਨਾ-2026 ਅਧੀਨ 15,000 ਰੁਪਏ ਦੀ ਮਹੀਨਾਵਾਰ ਤਨਖਾਹ ਸੀਮਾ ਤੋਂ ਵਧ ਆਮਦਨ ਵਾਲਿਆਂ ਲਈ ਈ ਪੀ ਐੱਫ ਯੋਗਦਾਨ ਨੂੰ ਸਵੈਇੱਛੁਕ ਬਣਾ ਦਿੱਤਾ ਹੈ। ਨਵੀਂ ਯੋਜਨਾ ਅਨੁਸਾਰ 15,000 ਰੁਪਏ ਦੀ ਤਨਖਾਹ ‘ਤੇ 12 ਫੀਸਦੀ ਦੇ ਹਿਸਾਬ ਨਾਲ ਬਣਦਾ 1,800 ਰੁਪਏ ਤੋਂ ਵੱਧ ਯੋਗਦਾਨ ਕਰਨਾ ਹੁਣ ਕਰਮਚਾਰੀ ਅਤੇ ਕੰਪਨੀ ਮਾਲਕ ਦੀ ਆਪਸੀ ਸਹਿਮਤੀ ‘ਤੇ ਨਿਰਭਰ ਕਰੇਗਾ। ਪਹਿਲਾਂ ਈ ਪੀ ਐੱਫ ਦੇ ਦਾਇਰੇ ਵਿੱਚ ਆਉਣ ਤੋਂ ਬਾਅਦ ਕਰਮਚਾਰੀ ਅਤੇ ਕੰਪਨੀ ਮਾਲਕ ਅਸਲ ਤਨਖਾਹ ਦੇ ਆਧਾਰ ‘ਤੇ ਯੋਗਦਾਨ ਦਿੰਦੇ ਸਨ। ਨਵੀਂ ਯੋਜਨਾ ਮੁਤਾਬਕ ਲਾਜ਼ਮੀ ਯੋਗਦਾਨ ਸਿਰਫ ਸਰਕਾਰ ਵੱਲੋਂ ਨਿਰਧਾਰਤ ਤਨਖਾਹ ਸੀਮਾ ਤੱਕ ਹੀ ਹੋਵੇਗਾ। ਹਾਲਾਂਕਿ, ਜੇ ਦੋਵੇਂ ਧਿਰਾਂ ਚਾਹੁਣ ਤਾਂ ਇਸ ਤੋਂ ਵੱਧ ਤਨਖਾਹ ‘ਤੇ ਵੀ ਸਵੈਇੱਛੁਕ ਤੌਰ ‘ਤੇ ਈ ਪੀ ਐੱਫ ਵਿੱਚ ਯੋਗਦਾਨ ਜਾਰੀ ਰੱਖ ਸਕਦੀਆਂ ਹਨ।
ਸਭ ਤੋਂ ਅਹਿਮ ਗੱਲ ਇਹ ਹੈ ਕਿ 12 ਫੀਸਦੀ ਪੀ ਐੱਫ ਯੋਗਦਾਨ ਸਿਰਫ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸੀਮਾ ਤਕ ਹੀ ਜ਼ਰੂਰੀ ਹੈ। ਇਸ ਤੋਂ ਜ਼ਿਆਦਾ ਯੋਗਦਾਨ ਹੁਣ ਸਵੈਇੱਛਾ ਅਨੁਸਾਰ ਹੋਵੇਗਾ। ਇਸ ਨਾਲ ਮੁਲਾਜ਼ਮਾਂ ਨੂੰ ਇਹ ਨਿਰਧਾਰਤ ਕਰਨ ਦੀ ਆਜ਼ਾਦੀ ਮਿਲੇਗੀ ਕਿ ਉਹ ਆਪਣੀ ਤਨਖਾਹ ਦਾ ਕਿੰਨਾ ਹਿੱਸਾ ਆਪਣੇ ਪੀ ਐੱਫ ਖਾਤੇ ਵਿਚ ਜਮ੍ਹਾ ਕਰਵਾਉਣਾ ਚਾਹੁੰਦੇ ਹਨ। ਨਵੇਂ ਨਿਯਮਾਂ ਅਨੁਸਾਰ ਪੀ ਐੱਫ ਕੰਟਰਬਿਊਸ਼ਨ ਵਿਚ ਜ਼ਰੂਰੀ 1800 ਦੀ ਲਿਮਟ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤਹਿਤ ਇੱਕ ਲੱਖ ਰੁਪਏ ਮਹੀਨਾ ਤਨਖਾਹ ਲੈਣ ਵਾਲੇ ਮੁਲਾਜ਼ਮ ਨੂੰ ਵੀ ਈ ਪੀ ਐੱਫ ਤਹਿਤ ਪੀ ਐੱਫ ਕੰਟਰੀਬਿਊਸ਼ਨ ਵਿਚ ਸਿਰਫ 1800 ਦਾ ਯੋਗਦਾਨ ਦੇਣਾ ਪਵੇਗਾ। ਜਿਹੜੇ ਮੁਲਾਜ਼ਮ ਸੇਵਾਮੁਕਤੀ ਵੇਲੇ ਵੱਧ ਬਚਤ ਕਰਨਾ ਚਾਹੁੰਦੇ ਹਨ, ਉਹ ਇਸ ਜ਼ਰੂਰੀ ਰਾਸ਼ੀ ਤੋਂ ਵੱਧ ਯੋਗਦਾਨ ਦੇ ਸਕਦੇ ਹਨ ਪਰ ਇਸ ਨੂੰ ਸਵੈਇੱਛਾ ਅਨੁਸਾਰ ਮੰਨਿਆ ਜਾਵੇਗਾ।




