ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ‘ਚ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ਉਲੀਕੀਆਂ ਗਈਆਂ। ਦੇਸ਼ ਭਗਤ ਯਾਦਗਾਰ ਹਾਲ ‘ਚ ਹਰ ਵਰ੍ਹੇ ਲੱਗਦਾ ਸਿਖਿਆਰਥੀ ਚੇਤਨਾ ਕੈਂਪ ਇਸ ਵਾਰ 28, 29 ਤੇ 30 ਅਗਸਤ ਦਿਨ ਸ਼ੁੱਕਰਵਾਰ, ਸਨਿੱਚਰਵਾਰ ਅਤੇ ਐਤਵਾਰ ਨੂੰ ਲੱਗੇਗਾ। ਇਸ ਕੈਂਪ ਵਿੱਚ ਵਿਸ਼ੇਸ਼ ਕਰਕੇ ਤਿੰਨ ਮਹੱਤਵਪੂਰਨ ਵਿਸ਼ਿਆਂ ਉਪਰ ਭਾਸ਼ਣ ਹੋਣਗੇ ਅਤੇ ਉਪਰੰਤ ਸਿਖਿਆਰਥੀਆਂ ਨਾਲ ਸੁਆਲ-ਜਵਾਬ ਅਤੇ ਗੰਭੀਰ ਵਿਚਾਰਾਂ ਹੋਣਗੀਆਂ। ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ 28 ਅਗਸਤ ਨੂੰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਅਮਰੀਕੀ ਸਾਮਰਾਜੀਆਂ ਅੱਗੇ ਗੋਡੇ ਟੇਕ ਕੇ ਭਾਰਤੀ ਲੋਕਾਂ ਉਪਰ ਮੜ੍ਹੀ ਜਾ ਰਹੀ ‘ਖੁੱਲ੍ਹੀ ਵਪਾਰ ਨੀਤੀ ਦੇ ਭਾਰਤੀ ਲੋਕਾਂ ਦੇ ਸਿਰ ‘ਤੇ ਮੰਡਰਾ ਰਹੇ ਖ਼ਤਰਿਆਂ’ ਬਾਰੇ ਸਿਖਿਆਰਥੀਆਂ ਨਾਲ ਵਿਚਾਰ ਸਾਂਝੇ ਕਰਨਗੇ। 28 ਅਗਸਤ ਪਹਿਲੇ ਦਿਨ ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਨੂੰ ਸਿਜਦਾ ਕਰਦੇ ਹੋਏ ‘ਆਜ਼ਾਦੀ ਦੀ ਜੱਦੋ-ਜਹਿਦ ‘ਚ ਇਨਕਲਾਬੀ ਲਹਿਰਾਂ ਦੀ ਭੂਮਿਕਾ, ਉਸ ਦਾ ਉਦੇਸ਼ ਅਤੇ ਉਸ ਉਦੇਸ਼ ਨੂੰ ਰੋਲਣ ਲਈ ਫਾਸ਼ੀ ਹੱਲਾ’ ਵਿਸ਼ੇ ਉਪਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਸਿਖਿਆਰਥੀਆਂ ਦੇ ਰੂਬਰੂ ਹੋਣਗੇ।
29 ਅਗਸਤ ਨੂੰ ਦੋ ਸੈਸ਼ਨ ਹੋਣਗੇ। ਪਹਿਲੇ ਸੈਸ਼ਨ ‘ਚ ਸਿੱਖਿਆ ਸਿਲੇਬਸ ਵਿੱਚ ਗੈਰ-ਵਿਗਿਆਨਕ, ਮਿਥਿਹਾਸਕ ਵਿਸ਼ੇ ਸ਼ਾਮਲ ਕਰਨ, ਦੁਨੀਆ ਅਤੇ ਸਾਡੇ ਮੁਲਕ ਦੇ ਇਨਕਲਾਬੀ ਇਤਿਹਾਸ ਦੀ ਫੱਟੀ ਪੋਚਣ ਪਿੱਛੇ ਕੰਮ ਕਰਦੇ ਗੁੱਝੇ ਮੰਤਵਾਂ ਅਤੇ ਸਾਡੇ ਫ਼ਰਜ਼ਾਂ ਬਾਰੇ ਵਿਚਾਰ ਸਾਂਝੇ ਕਰਨਗੇ ਪੰਜਾਬ ਦੇ ਜਾਣੇ-ਪਹਿਚਾਣੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ।
ਦੂਜੇ ਸੈਸ਼ਨ ਵਿੱਚ ਨੌਜਵਾਨ ਪੀੜ੍ਹੀ ਉਪਰ ਸੋਸ਼ਲ ਮੀਡੀਆ ਅਤੇ ਨਵੀਂ ਸੂਚਨਾ ਸੰਚਾਰ ਪ੍ਰਣਾਲੀ ਰਾਹੀਂ ਬੋਲੇ ਮਾਰੂ ਹੱਲੇ ਦੇ ਘਾਤਕ ਨਤੀਜਿਆਂ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕਰਨਗੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ। ਤੀਜੇ ਅਤੇ ਸਿਖਰਲੇ ਦਿਨ 30 ਅਗਸਤ ਐਤਵਾਰ ਨੂੰ ਸਿਖਿਆਰਥੀ ਚੇਤਨਾ ਕੈਂਪ ਬਾਰੇ ਸਿਖਿਆਰਥੀਆਂ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ। ਸਿਖਿਆਰਥੀਆਂ ਨੂੰ ਕਮੇਟੀ ਵੱਲੋਂ ਪ੍ਰਮਾਣ-ਪੱਤਰ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਜਾਏਗਾ। ਬੋਰਡ ਆਫ਼ ਟਰੱਸਟ ਨੇ ਇਹ ਫੈਸਲਾ ਵੀ ਕੀਤਾ ਕਿ 27 ਸਤੰਬਰ ਸਨਿੱਚਰਵਾਰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਦੀ ਬੌਧਿਕ ਪਰਪੱਕਤਾ ਅਤੇ ਇਨਕਲਾਬ ਦੇ ਸੂਹੇ ਚਿੰਨ੍ਹ ਵਜੋਂ ਅਮਰ ਦੇਣ ਉਪਰ ਆਪਣਾ ਕੁੰਜੀਵਤ ਭਾਸ਼ਣ ਦੇਣਗੇ ਉੱਘੇ ਵਿਦਵਾਨ ਸੁਮੇਲ ਸਿੱਧੂ। ਮੀਟਿੰਗ ‘ਚ ਸਭਿਆਚਾਰਕ ਵਿੰਗ ਵੱਲੋਂ ਬੱਬਰ ਅਕਾਲੀ ਲਹਿਰ ਨਾਲ ਸੰਬੰਧਤ ਪਿੰਡਾਂ ਦੀ ਹੋਈ ਵਿਸ਼ੇਸ਼ ਮਿਲਣੀ ਮੌਕੇ ਸ਼ਤਾਬਦੀ ਮੁਹਿੰਮ ਅਤੇ ਮੇਲੇ ਦੀ ਜੋਸ਼ੋ-ਖਰੋਸ਼ ਨਾਲ ਤਿਆਰੀ ਵਿੱਚ ਜੁਟਣ ਅਤੇ ਉਸ ਵਿੱਚ ਜਨਤਕ ਸ਼ਮੂਲੀਅਤ ਦੇ ਹੁੰਗਾਰੇ ਉਪਰ ਤਸੱਲੀ ਪ੍ਰਗਟ ਕੀਤੀ ਗਈ ਅਤੇ ਪਿੰਡਾਂ ‘ਚ ਕਾਫ਼ਲਾ ਲੈ ਕੇ ਜਾਣ ਬਾਰੇ ਵੀ ਵਿਚਾਰਾਂ ਹੋਈਆਂ।
ਇਸ ਮੀਟਿੰਗ ‘ਚ ਐਡਵੋਕੇਟ ਰਾਜਿੰਦਰ ਮੰਡ, ਐਡਵੋਕੇਟ ਐੱਨ ਕੇ ਜੀਤ, ਰਿਪੁਦਮਨ ਰੂਪ, ਦਰਸ਼ਨ ਮਾਈਸਰ ਖਾਨਾ, ਜਗਸੀਰ ਸੀਰਾ ਪਿੰਡ ਗਿੱਦੜ (ਬਠਿੰਡਾ), ਸੁਰਿੰਦਰ ਤਿਵਾੜੀ, ਅਜਾਇਬ ਸਿੰਘ, ਸਵਰਨ ਭੰਗੂ, ਰੰਗਕਰਮੀ ਪ੍ਰਦੀਪ ਰਾਜਾ, ਨਾਜਰ ਸਿੰਘ ਸਿਹੋੜਾ, ਪ੍ਰੇਮ ਸਿੰਘ ਹਰਿਆਣਾ, ਗਿਆਨ ਚੰਦ ‘ਨਵਾਂ ਜ਼ਮਾਨਾ’ ਦੇ ਵਿਛੋੜੇ ‘ਤੇ ਪਰਵਾਰਾਂ, ਸਾਕ-ਸੰਬੰਧੀਆਂ, ਸੰਗੀ-ਸਾਥੀਆਂ ਨਾਲ ਕਮੇਟੀ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਅਤੇ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ। ਮੀਟਿੰਗ ਦੇ ਫੈਸਲਿਆਂ ਬਾਰੇ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝੀ ਕੀਤੀ।




