ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸੁਮਨ, ਕ੍ਰਿਸ਼ਨ ਗਰਗ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣ ਲਈ ਹੱਥ ਮਿਲਾਉਣ ਦਾ ਦੋਸ਼ ਲਾਇਆ ਹੈ, ਕਿਉਂਕਿ ਉਨ੍ਹਾਂ ਕੋਲ ‘ਆਪ’’ਸਰਕਾਰ ਵੱਲੋਂ ਕੀਤੇ ਬੇਮਿਸਾਲ ਕੰਮਾਂ ਦਾ ਕੋਈ ਜਵਾਬ ਨਹੀਂ। ਐਤਵਾਰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਉਸ ਦਾ ਆਪਣਾ ਮਾਮਲਾ ਹੈ, ਪਰ ਇਹ ਪਾਰਟੀ ਦੀ ਦਿਸ਼ਾਹੀਣਤਾ ਨੂੰ ਦਰਸਾਉਂਦਾ ਹੈ।ਉਨ੍ਹਾ ਕਿਹਾ ਕਿ “ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸੀ ਆਗੂ ਇਹ ਸਮਝਾ ਰਹੇ ਹਨ ਕਿ ਭਾਜਪਾ ਦੇ ਅੰਦਰ ਕੀ ਹੋ ਰਿਹਾ ਹੈ, ਜਦੋਂ ਕਿ ਭਾਜਪਾ ਆਗੂ ਕਾਂਗਰਸ ਦੇ ਮਾਮਲਿਆਂ ‘ਤੇ ਬੋਲ ਰਹੇ ਹਨ।ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਦੋਵੇਂ ਪਾਰਟੀਆਂ ਪੂਰੇ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਅਸਲ ਵਿੱਚ “ਟੀਮ ਏ, ਬੀ ਤੇ ਸੀ” ਬਣ ਚੁੱਕੇ ਹਨ, ਜਿਨ੍ਹਾਂ ਦਾ ਇੱਕੋ-ਇੱਕ ਉਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣਾ ਹੈ। ਪੰਨੂ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਅਸਲ ‘ਚ “ਕਾਂਗਰਸ ਵਿੰਗ” ਬਣ ਕੇ ਰਹਿ ਗਈ ਹੈ।ਉਨ੍ਹਾ ਕਿਹਾ ਕਿ ਅੱਜ ਭਾਜਪਾ ਦੀ ਅਗਵਾਈ ਕਰਨ ਵਾਲੇ ਬਹੁਤੇ ਚਿਹਰੇ ਸਾਬਕਾ ਕਾਂਗਰਸੀ ਆਗੂ ਹਨ। ਅਸਲੀ ਭਾਜਪਾ ਲੀਡਰਸ਼ਿਪ ਲਗਭਗ ਗਾਇਬ ਹੋ ਚੁੱਕੀ ਹੈ, ਜਦਕਿ ਕਈ ਹੋਰ ਕਾਂਗਰਸੀ ਆਗੂ ਉਨ੍ਹਾਂ ਨਾਲ ਸ਼ਾਮਲ ਹੋਣ ਲਈ ਉਤਾਵਲੇ ਜਾਪਦੇ ਹਨ। ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹਾਲ ਹੀ ਵਿੱਚ ਹੋਈ ਮੁਲਾਕਾਤ ਦਾ ਹਵਾਲਾ ਦਿੰਦਿਆਂ ਪੰਨੂ ਨੇ ਕਿਹਾ ਕਿ ਭਾਵੇਂ ਰੰਧਾਵਾ ਨੇ ਇਸ ਦਾ ਵੱਖਰਾ ਸਪੱਸ਼ਟੀਕਰਨ ਦਿੱਤਾ ਹੈ, ਪਰ ਹਰ ਕੋਈ ਇਸ ਮੁਲਾਕਾਤ ਦੀ ਸਿਆਸੀ ਅਹਿਮੀਅਤ ਨੂੰ ਸਮਝਦਾ ਹੈ।ਉਨ੍ਹਾ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਲਈ ਇਕੱਠੀਆਂ ਹੋਈਆਂ ਹਨ, ਕਿਉਂਕਿ ਉਹ ‘ਆਪ’’ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ।ਦਹਾਕਿਆਂ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚਿਆ ਹੈ।600 ਯੂਨਿਟ ਮੁਫ਼ਤ ਬਿਜਲੀ ਮਿਲਣ ਕਾਰਨ ਲਗਭਗ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਅਤੇ ਨਹਿਰੀ ਪਾਣੀ ਮਿਲ ਰਿਹਾ ਹੈ।34 ਲੱਖ ਤੋਂ ਵੱਧ ਔਰਤਾਂ ਨੂੰ ‘’ਆਪ’’ਸਰਕਾਰ ਵੱਲੋਂ ਵਾਅਦਾ ਕੀਤੀ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਗਈ ਹੈ, ਜਦੋਂ ਕਿ ਬਾਕੀ ਰਹਿੰਦੇ ਯੋਗ ਲਾਭਪਾਤਰੀਆਂ ਨੂੰ ਇੱਕ ਅਗਸਤ ਤੋਂ ਉਨ੍ਹਾਂ ਦੇ ਬਕਾਏ ਮਿਲ ਜਾਣਗੇ।
ਉਨ੍ਹਾ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਕੋਈ ਏਜੰਡਾ ਪੇਸ਼ ਕਰਨ ਦੀ ਬਜਾਏ ਕਾਂਗਰਸੀ ਆਗੂ ਆਪਣੀ ਅੰਦਰੂਨੀ ਲੀਡਰਸ਼ਿਪ ਦੀ ਲੜਾਈ ਵਿੱਚ ਹੀ ਰੁਝੇ ਹੋਏ ਹਨ।ਉਨ੍ਹਾ ਕਿਹਾ ਕਿ ਇੱਕ ਦਿਨ ਉਹ ਕਹਿੰਦੇ ਹਨ ਕਿ ਚਰਨਜੀਤ ਸਿੰਘ ਚੰਨੀ ਮੀਟਿੰਗਾਂ ਲਈ ਦਿੱਲੀ ਵਿੱਚ ਹਨ, ਅਗਲੇ ਦਿਨ ਉਹ ਕਹਿੰਦੇ ਹਨ ਕਿ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਮਿਲਣ ਆ ਰਹੇ ਹਨ।ਪੂਰੀ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੀ ਹੈ, ਜਦੋਂ ਕਿ ਦੂਜਿਆਂ ਨੂੰ ਭਾਸ਼ਣ ਦੇਣ ਦਾ ਢੌਂਗ ਕਰ ਰਹੀ ਹੈ।ਕਾਂਗਰਸੀ ਆਗੂਆਂ ਦੇ ਦੋਹਰੇ ਮਾਪਦੰਡਾਂ ਵੱਲ ਇਸ਼ਾਰਾ ਉਹਨਾ ਕਰਦਿਆਂ ਕਿਹਾ ਕਿ ਉਹ ਵਾਰ-ਵਾਰ‘’ਆਪ’ ‘ਤੇ ਇਹ ਦਾਅਵਾ ਕਰਕੇ ਹਮਲਾ ਕਰਦੇ ਸਨ ਕਿ ਪਾਰਟੀ ਦਿੱਲੀ ਤੋਂ ਚਲਾਈ ਜਾ ਰਹੀ ਹੈ, ਪਰ ਹੁਣ ਉਹ ਖੁਦ ਆਪਣੇ ਹਰ ਫੈਸਲੇ ਲਈ ਆਪਣੀ ਹਾਈਕਮਾਂਡ ਦੀ ਉਡੀਕ ਕਰ ਰਹੇ ਹਨ।


