ਤਹਿਰਾਨ : ਈਰਾਨ ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੀ ਅੰਤਿਮ ਯਾਤਰਾ (ਜਨਾਜ਼ੇ) ਦੌਰਾਨ ਰਾਜਧਾਨੀ ਤਹਿਰਾਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇੱਕ ਪ੍ਰਦਰਸ਼ਨਕਾਰੀ ਕਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਅਪੀਲ ਕੀਤੀ। ਇਸ ਦੌਰਾਨ ਭੜਕੇ ਹੋਏ ਲੋਕਾਂ ਨੇ ‘ਅਮਰੀਕਾ ਮੁਰਦਾਬਾਦ’ ਅਤੇ ‘ਇਜ਼ਰਾਈਲ ਮੁਰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ। ਅੰਤਿਮ ਸੰਸਕਾਰ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਕਵੀ ਮੁਹੰਮਦ ਰਸੂਲੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲ ਇਸ਼ਾਰਾ ਕਰਦਿਆਂ ਭੀੜ ਨੂੰ ਪੁੱਛਿਆ, “ਦੁਨੀਆ ਦਾ ਸਭ ਤੋਂ ਭ੍ਰਿਸ਼ਟ ਤੇ ਘਿਨਾਉਣਾ ਆਦਮੀ ਅਜੇ ਤੱਕ ਜ਼ਿੰਦਾ ਕਿਉਂ ਹੈ?” ਰਸੂਲੀ ਦੀ ਇਸ ਜੋਸ਼ੀਲੀ ਟਿੱਪਣੀ ਦਾ ਉੱਥੇ ਮੌਜੂਦ ਲੱਖਾਂ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਸਮੱਰਥਨ ਕੀਤਾ। ਐਤਵਾਰ ਨੂੰ ਹੋਈ ਇਸ ਅੰਤਿਮ ਯਾਤਰਾ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਕਿਤੇ ਵੱਡਾ ਇਕੱਠ ਦੇਖਣ ਨੂੰ ਮਿਲਿਆ। ਕਾਲੇ ਕੱਪੜਿਆਂ ਵਿੱਚ ਮਲਬੂਸ ਲੱਖਾਂ ਸੋਗਵਾਰ ਹੱਥਾਂ ਵਿੱਚ ਬੈਨਰ ਅਤੇ ਝੰਡੇ ਲੈ ਕੇ ਪੈਦਲ ਹੀ ਸਮਾਗਮ ਵਾਲੀ ਥਾਂ ਵੱਲ ਵਧ ਰਹੇ ਸਨ। ਇਨ੍ਹਾਂ ਬੈਨਰਾਂ ‘ਤੇ ਖਾਮਨੇਈ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਟਰੰਪ ਨੂੰ ਮਾਰਨ ਦੇ ਨਾਅਰੇ ਲਿਖੇ ਹੋਏ ਸਨ। ਇਹ ਘਟਨਾ ਉਸੇ ਵੇਲੇ ਵਾਪਰੀ ਜਦੋਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਵਿੱਚ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਮੌਕੇ ਭਾਸ਼ਣ ਦੇ ਰਹੇ ਸਨ।
ਈਰਾਨ ਨੇ ਟਰੰਪ ‘ਤੇ ਉਸ ਦੇ ਬਿਆਨਾਂ ਨੂੰ ਲੈ ਕੇ ਜਵਾਬੀ ਹਮਲਾ ਕੀਤਾ ਤੇ ਕਿਹਾ ਕਿ ਅਮਰੀਕਾ ਕੋਲ ਨਾ ਤਾਂ ਸਭਿਅਤਾ ਹੈ ਅਤੇ ਨਾ ਹੀ ਇਤਿਹਾਸ। ਅਮਰੀਕੀ ਰਾਸ਼ਟਰਪਤੀ ਨੇ ਤਹਿਰਾਨ ਵਿੱਚ ਵੱਡੇ ਅੰਤਮ ਸੰਸਕਾਰ ਇਕੱਠ ਦਾ ਹਵਾਲਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਇਹ ਇਕੱਠ ਇੱਕ ਫੌਜੀ ਮੌਕਾ ਪੇਸ਼ ਕਰਦਾ ਹੈ। ਉਨ੍ਹਾ ਕਿਹਾ ਕਿ ਅਜਿਹੇ ਕਦਮ ਨੂੰ ਰੱਦ ਕਰ ਦਿੱਤਾ ਗਿਆ, ਕਿਉਂਕਿ ਕੂਟਨੀਤਕ ਯਤਨ ਜਾਰੀ ਸਨ, ‘ਉਹ ਸਾਰੇ ਉੱਥੇ ਹਨ, ਇੱਕ ਗੋਲੀ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਸਕਦੇ ਹਾਂ, ਪਰ ਅਸੀਂ ਅਜਿਹਾ ਨਹੀਂ ਕਰਨ ਜਾ ਰਹੇ, ਕਿਉਂਕਿ ਫਿਰ ਸਾਡੇ ਕੋਲ ਗੱਲਬਾਤ ਕਰਨ ਲਈ ਕੋਈ ਨਹੀਂ ਹੋਵੇਗਾ।’
ਮੌਜੂਦਾ ਸੁਪਰੀਮ ਲੀਡਰ ਮੁਜਤਬਾ ਖਾਮਨੇਈ ਨੂੰ ਛੱਡ ਕੇ ਖਾਮਨੇਈ ਦੇ ਤਿੰਨ ਪੁੱਤਰਾਂ ਦੇ ਨਾਲ ਸੀਨੀਅਰ ਈਰਾਨੀ ਨੇਤਾ ਐਤਵਾਰ ਨੂੰ ਜਨਾਜ਼ੇ ਦੀ ਨਮਾਜ਼ ਵਿੱਚ ਹਿੱਸਾ ਲੈਣ ਲਈ ਜਨਤਕ ਤੌਰ ‘ਤੇ ਨਜ਼ਰ ਆਏ।





