ਵਿਸ਼ਵ ਕੱਪ ਫੁੱਟਬਾਲ ‘ਚ ਫਲਸਤੀਨੀਆਂ ਦੀ ਜਿੱਤ

0
2

ਆਰਲਿੰਗਟਨ (ਟੈਕਸਾਸ) ਇਸ ਅਮਰੀਕੀ ਸ਼ਹਿਰ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਦੀਆਂ ਆਖਰੀ 16 ਟੀਮਾਂ ਵਿੱਚ ਸ਼ੁਮਾਰ ਹੋਣ ‘ਤੇ ਮਿਸਰ ਦੇ ਕੋਚ ਹੋਸਮ ਹਸਨ ਮਿਸਰ ਅਤੇ ਫਲਸਤੀਨ ਦੋਵਾਂ ਦੇ ਝੰਡੇ ਲੈ ਕੇ ਮੈਦਾਨ ‘ਚ ਉਤਰੇ। ਸਟੇਡੀਅਮ ਵਿੱਚ ਮੌਜੂਦ ਬਹੁਤ ਸਾਰੇ ਪ੍ਰਸੰਸਕਾਂ ਨੇ ‘ਫਰੀ ਫਲਸਤੀਨ’ ਦੇ ਨਾਅਰੇ ਵੀ ਲਗਾਏ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਸਨ ਨੇ ਕਿਹਾ ਕਿ ਇਹ ਜਿੱਤ ਸਿਰਫ ਮਿਸਰ ਲਈ ਹੀ ਨਹੀਂ, ਸਗੋਂ ਫਲਸਤੀਨ ਦੇ ਲੋਕਾਂ ਲਈ ਵੀ ਹੈ। ਉਨ੍ਹਾ ਕਿਹਾ, ‘ਮੈਂ ਇਹ ਜਿੱਤ ਮਿਸਰ ਅਤੇ ਫਲਸਤੀਨ ਦੋਵਾਂ ਦੇ ਲੋਕਾਂ ਨੂੰ ਸਮਰਪਤ ਕਰਦਾ ਹਾਂ। ਉਹ ਦਿਆਲੂ ਅਤੇ ਸਤਿਕਾਰਯੋਗ ਲੋਕ ਹਨ। ਪ੍ਰਮਾਤਮਾ ਉਨ੍ਹਾਂ ਦੇ ਸ਼ਹੀਦਾਂ ‘ਤੇ ਰਹਿਮ ਕਰੇ ਅਤੇ ਉਨ੍ਹਾਂ ਨੂੰ ਤਾਕਤ ਦੇਵੇ।’
ਗਾਜ਼ਾ ਦੇ ਲੋਕਾਂ ਨੇ ਵੀ ਬੰਬਾਰੀ ਨਾਲ ਤਬਾਹ ਹੋਈਆਂ ਇਮਾਰਤਾਂ ਦੀ ਪਿੱਠਭੂਮੀ ਵਿੱਚ ਮਿਸਰ ਦੀ ਜਿੱਤ ਨੂੰ ਆਪਣੀ ਜਿੱਤ ਮੰਨ ਕੇ ਜਸ਼ਨ ਮਨਾਇਆ। ਹਜ਼ਾਰਾਂ ਲੋਕ ਆਪਣੇ ਤੰਬੂਆਂ ਅਤੇ ਤਬਾਹ ਹੋਏ ਘਰਾਂ ਵਿੱਚੋਂ ਮੈਚ ਦੇਖਣ ਲਈ ਬਾਹਰ ਆਏ। ਚਿਹਰੇ ਮੁਸਕਰਾਹਟਾਂ ਨਾਲ ਚਮਕ ਉੱਠੇ, ਹਵਾ ਜੈਕਾਰਿਆਂ ਨਾਲ ਭਰ ਗਈ ਅਤੇ ਅਜਿਹਾ ਮਹਿਸੂਸ ਹੋਇਆ, ਜਿਵੇਂ ਹਰ ਕਿਸੇ ਨੇ ਆਪਣੇ ਆਲੇ-ਦੁਆਲੇ ਸਭ ਕੁਝ ਹੋਣ ਦੇ ਬਾਵਜੂਦ ਆਪਣੇ-ਆਪ ਨੂੰ ਜ਼ਿੰਦਗੀ ਦਾ ਇੱਕ ਪਲ ਦੇਣ ਦਾ ਫੈਸਲਾ ਕਰ ਲਿਆ ਹੋਵੇ। ਬਹੁਤ ਸਾਰੇ ਬੱਚਿਆਂ ਨੇ ਆਪਣੇ ਚਿਹਰਿਆਂ ‘ਤੇ ਮਿਸਰ ਦਾ ਝੰਡਾ ਪੇਂਟ ਕੀਤਾ ਹੋਇਆ ਸੀ। ਮਿਸਰ ਨੇ ਮੈਚ ਨਿਰਧਾਰਤ ਸਮੇਂ ‘ਚ 1-1 ਨਾਲ ਡਰਾਅ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ।