ਸਾਮਰਾਜਵਾਦੀਆਂ ਦੀ ਮੁਨਾਫ਼ਾ ਕਮਾਉਣ ਦੀ ਅੰਨ੍ਹੀ ਹਵਸ ਯੁੱਧਾਂ ਦਾ ਕਾਰਨ : ਬੰਤ ਬਰਾੜ

0
7

ਜਲੰਧਰ (ਗਿਆਨ ਸੈਦਪੁਰੀ)
‘ਸਾਮਰਾਜਵਾਦੀਆਂ ਦੀ ਪਾਸਾਰਵਾਦੀ ਨੀਤੀ, ਪੈਸੇ ਦੀ ਅੰਨ੍ਹੀ ਹੋੜ, ਮਾਰੂ ਹਥਿਆਰਾਂ ਦੀ ਵਿਕਰੀ ਨਾਲ ਬੇ-ਹਿਸਾਬਾ ਮੁਨਾਫ਼ਾ ਕਮਾਉਣ ਦੀ ਪ੍ਰਵਿਰਤੀ ਹੀ ਦੁਨੀਆ ਵਿੱਚ ਯੁੱਧਾਂ, ਜੰਗਾਂ ਦਾ ਕਾਰਨ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ, ਪੰਜਾਬ ਏਟਕ ਦੇ ਪ੍ਰਧਾਨ ਅਤੇ ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਾਬਕਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਹ ਪਾਰਟੀ ਦਫ਼ਤਰ ਜਲੰਧਰ ਵਿਖੇ ਜ਼ਿਲ੍ਹਾ ਕੌਂਸਲ ਅਤੇ ਤਹਿਸੀਲ ਕਮੇਟੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਆਪਣੇ ਸੰਬੋਧਨ ਵਿੱਚ 1925 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ, ਕੀਤੀਆਂ ਪ੍ਰਾਪਤੀਆਂ, 1962 ਵਿੱਚ ਪਾਰਟੀ ਦੀ ਵੰਡ ਤੇ ਇਸ ਨਾਲ ਪੈਦਾ ਹੋਈਆਂ ਅਣਸੁਖਾਵੀਆਂ ਸਥਿਤੀਆਂ, ਸੀ ਪੀ ਆਈ ਵੱਲੋਂ ਖੱਬੀਆਂ ਧਿਰਾਂ ਦੀ ਏਕਤਾ ਲਈ ਕੀਤੀਆਂ ਜਾ ਰਹੀਆਂ ਸੁਹਿਰਦ ਕੋਸ਼ਿਸ਼ਾਂ, ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਹਿੰਦੂਤਵ ਦੀ ਹਿਤੈਸ਼ੀ ਹੋਣ ਦੀ ਆੜ ਵਿੱਚ ਕੀਤੇ ਜਾ ਰਹੇ ਧਰੁਵੀਕਰਨ ਅਤੇ ਪੰਜਾਬ ਦੇ ਹਾਲਾਤ ਦਾ ਵਿਸਥਾਰ ਨਾਲ ਵਰਣਨ ਕੀਤਾ।
ਉਨ੍ਹਾ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਆਪ-ਹੁਦਰੀਆਂ ਕਾਰਨ ਉਸ ਦਾ ਵਿਰੋਧ ਉਸ ਦੇ ਆਪਣਿਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਈਰਾਨ ਦਾ ਨਕਸ਼ਾ ਮਿਟਾ ਦੇਣ ਦੀਆਂ ਧਮਕੀਆਂ ਦੇਣ ਵਾਲਾ ਟਰੰਪ ਖੁਦ ਅੱਕੀਂ-ਪਲਾਹੀਂ ਹੱਥ ਮਾਰਦਾ ਨਜ਼ਰ ਆ ਰਿਹਾ ਹੈ। ਆਪਣੇ ਮੁਲਕ ਲਈ ਪੂਰੀ ਤਰ੍ਹਾਂ ਸੁਹਿਰਦ ਈਰਾਨ ਇੱਕ ਵਾਰ ਤਾਂ ਹੀਰੋ ਬਣ ਕੇ ਉੱਭਰਿਆ ਹੈ।
ਆਰ ਐੱਸ ਐੱਸ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਗੱਲ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਉਹ ਜਿੱਥੇ ਭਾਰਤ ਦੀਆਂ ਲੋਕਤੰਤਰੀ ਰਵਾਇਤਾਂ ਦਾ ਘਾਣ ਕਰ ਰਹੇ ਹਨ, ਉੱਥੇ ਉਹ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਉਣ ਦੇ ਜ਼ਹਿਰੀਲੇ ਪ੍ਰਚਾਰ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੀ ‘ਕਾਰਸ਼ਤਾਨੀ’ ਦਾ ਜ਼ਿਕਰ ਕਰਦਿਆਂ ਬਰਾੜ ਨੇ ਕਿਹਾ ਕਿ ਜਦੋਂ ਅਮਰੀਕਾ ਤੇ ਇਜ਼ਰਾਈਲ ਈਰਾਨ ਵਿਰੁੱਧ ਯੁੱਧ ਲੜਨ ਦੀਆਂ ਵਿਉਂਤਾਂ ‘ਚ ਮਸਰੂਫ ਸਨ ਤਾਂ ਮੋਦੀ ਜੀ ਇਜ਼ਰਾਇਲ ਨੂੰ ਆਪਣੇ ਪੁਰਖਿਆਂ ਦੀ ਧਰਤੀ ਦੱਸਣ ਲਈ ਇਜ਼ਰਾਈਲੀ ਸ਼ਾਸਕਾਂ ਨਾਲ ਘਿਉ-ਖਿਚੜੀ ਹੋਣ ਲਈ ਉਨ੍ਹਾਂ ਦੇ ਖਾਸ ਮਹਿਮਾਨ ਬਣਦੇ ਹਨ। ਦੂਸਰੇ ਪਾਸੇ ਸਾਡੇ ਆਪਣੇ ਮੁਲਕ ਵਿੱਚ ਬਹੁਤ ਸਾਰੀਆਂ ਅਣਸੁਖਾਵੀਆਂ ਤੇ ਬੇਹੱਦ ਸੋਗਵਾਰ ਪ੍ਰਸਥਿਤੀਆਂ ਮੌਕੇ ਪ੍ਰਧਾਨ ਮੰਤਰੀ ਚੁੱਪ ਵੱਟ ਲੈਂਦੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਆਦਿ ਨੂੰ ਸ਼ਹਿਰੀ ਨਕਸਲਵਾਦੀਆਂ ਦਾ ਨਾਂਅ ਦੇ ਕੇ ਕਾਲ ਕੋਠੜੀਆਂ ਅੰਦਰ ਬੰਦ ਕਰਨ ਦਾ ਸਿਲਸਲਾ ਤੇਜ਼ ਕੀਤਾ ਜਾ ਰਿਹਾ ਹੈ। ਕਮਿਊਨਿਸਟ ਆਗੂਆਂ ਨੇ ਦੇਸ਼ ਹਿਤੈਸ਼ੀ ਤੇ ਖੱਬੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਦੇਸ਼ ਦਾ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਹੋਰ ਹੀਲੇ-ਵਸੀਲੇ ਤਲਾਸ਼ੇ ਜਾਣ।
ਪੰਜਾਬ ਦੀ ਗੱਲ ਕਰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਦੀ ਇੱਛਾ ਸ਼ਕਤੀ ਕਿਧਰੇ ਉਡਾਰੀ ਮਾਰ ਗਈ ਹੈ। ਪੰਜਾਬ ਵਿੱਚ ਨਸ਼ਾ ਆਮ ਮਿਲਣ ਲੱਗ ਪਿਆ ਹੈ।
ਕਤਲ, ਫਿਰੌਤੀਆਂ, ਲੁੱਟਾਂ-ਖੋਹਾਂ, ਗੈਂਗਸਟਰਵਾਦ ਦਾ ਪਾਸਾਰਾ ਇੱਥੇ ਨਿੱਤ ਦਾ ਵਰਤਾਰਾ ਬਣ ਚੁੱਕਾ ਹੈ। ਸਰਕਾਰ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਬੁਰੇ ਹਾਲਾਤ ਨੂੰ ਮੋੜਾ ਦਿੱਤਾ ਜਾ ਸਕਦਾ ਹੈ। ਕਾਮਰੇਡ ਬਰਾੜ ਨੇ ਇੱਕ ਅਗਸਤ ਤੋਂ 15 ਅਗਸਤ ਤੱਕ ਸੀ ਪੀ ਆਈ ਵੱਲੋਂ ਮਨਾਏ ਜਾ ਰਹੇ ਵਿਸ਼ੇਸ਼ ਪੰਦਰਵਾੜੇ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ। ਪਹਿਲੀ ਸਤੰਬਰ ਨੂੰ ਦਿੱਲੀ ਦੀ ਰਾਮ ਲੀਲ੍ਹਾ ਗਰਾਊਂਡ ਵਿੱਚ ਕੀਤੀ ਜਾ ਰਹੀ ਰੈਲੀ ਦੀ ਸਫ਼ਲਤਾ ਲਈ ਵੀ ਗਹਿਰ-ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸ਼ੁਰੂ ਵਿੱਚ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਸ਼ੋਕ ਮਤਾ ਪੇਸ਼ ਕੀਤਾ। ਇਸ ਵਿੱਚ ਈਰਾਨ ਦੇ ਮਰਹੂਮ ਆਗੂ ਆਇਤੁਲਾ ਅਲੀ ਖਾਮਨੇਈ, ਰਜਿੰਦਰ ਮੰਡ, ‘ਨਵਾਂ ਜ਼ਮਾਨਾ’ ਦੇ ਸੀਨੀਅਰ ਸਟਾਫ਼ ਮੈਂਬਰ ਗਿਆਨ ਚੰਦ ਤੇ ਹੋਰ ਵਿੱਛੜ ਚੁੱਕੇ ਵਿਅਕਤੀਆਂ ਦੇ ਨਾਂਅ ਸ਼ਾਮਲ ਸਨ।
ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਸਿੰਘ ਘੋੜਾਬਾਹੀ ਨੇ ਕੀਤੀ।
ਮੀਟਿੰਗ ਵਿੱਚ ਸਰਵਸਾਥੀ ਹਰਜਿੰਦਰ ਸਿੰਘ ਮੌਜੀ, ਸੱਤਪਾਲ ਭਗਤ, ਪਰਮਜੀਤ ਸਿੰਘ ਸਮਰਾਏ, ਸਿਕੰਦਰ ਸੰਧੂ, ਵੀਰ ਕੁਮਾਰ, ਸੁਨੀਲ ਕੁਮਾਰ, ਨਿਰਮਲਾ ਦੇਵੀ, ਪਰਵਿੰਦਰ ਫਲਪੋਤਾ ਅਤੇ ਸੋਢੀ ਰਾਮ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਫਤਿਹਪੁਰ ਭੰਗਵਾਂ ਤੇ ਸੁਖਦੇਵ ਸਿੰਘ ਧੰਜੂ ਸ਼ਾਹਕੋਟ ਤੇ ਰਣਜੀਤ ਸਿੰਘ ਰਾਣਾ ਵੀ ਮੌਜੂਦ ਸਨ।