ਨਿਊ ਜਰਸੀ (ਨ ਜ਼ ਸ)
ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਸੋਮਵਾਰ ਪ੍ਰੀ-ਕੁਆਰਟਰ ਫਾਈਨਲ ਵਿੱਚ ਨਾਰਵੇ ਉਸ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚਿਆ। ਹੁਣ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ, ਜਿਸ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਜੂਨੀਅਰ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ। ਉਸ ਨੇ ਅਮਰੀਕਾ ਦੇ ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਬ੍ਰਾਜ਼ੀਲ ਦਾ ਇੱਕੋ-ਇੱਕ ਗੋਲ ਕੀਤਾ। ਏਰਲਿੰਗ ਹਾਲੈਂਡ ਨੇ ਨਾਰਵੇ ਲਈ ਦੋਵੇਂ ਗੋਲ ਕੀਤੇ। 34 ਸਾਲਾ ਨੇਮਾਰ ਨੇ ਕਿਹਾ, ‘ਮੈਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ। ਮੇਰਾ ਸਫਰ ਇੱਥੋਂ ਸ਼ੁਰੂ ਹੋਇਆ ਸੀ ਅਤੇ ਹੁਣ ਇੱਥੇ ਹੀ ਖਤਮ ਹੁੰਦਾ ਹੈ। ਬ੍ਰਾਜ਼ੀਲ ਲਈ ਮੇਰਾ ਅਧਿਆਇ ਖਤਮ ਹੋ ਗਿਆ ਹੈ।’ ਨੇਮਾਰ ਨੇ 2010 ਵਿੱਚ ਨਿਊ ਜਰਸੀ ਵਿੱਚ ਹੀ ਅਮਰੀਕਾ ਦੇ ਖਿਲਾਫ ਬ੍ਰਾਜ਼ੀਲ ਵੱਲੋਂ ਪਹਿਲਾ ਮੈਚ ਖੇਡਿਆ ਸੀ।
72ਵੇਂ ਮਿੰਟ ਵਿੱਚ ਐਂਡਰੀਅਸ ਸ਼ੈਲਡਰੂਪ ਨੇ ਖੱਬੇ ਪਾਸੇ ਤੋਂ ਇੱਕ ਸ਼ਾਨਦਾਰ ਕਰਾਸ ਦਿੱਤਾ, ਜਿਸ ਨੂੰ ਹਾਲੈਂਡ ਨੇ ਇੱਕ ਸ਼ਕਤੀਸ਼ਾਲੀ ਹੈਡਰ ਨਾਲ ਗੋਲ ਵਿੱਚ ਬਦਲ ਕੇ ਨਾਰਵੇ ਨੂੰ 1-0 ਦੀ ਬੜ੍ਹਤ ਦਿਵਾਈ। ਇੰਜਰੀ ਟਾਈਮ ਤੋਂ ਠੀਕ ਪਹਿਲਾਂ ਹਾਲੈਂਡ ਨੇ ਆਪਣਾ ਦੂਜਾ ਗੋਲ ਕੀਤਾ। ਇਹ ਟੂਰਨਾਮੈਂਟ ਦੇ ਉਸ ਦੇ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਗੋਲ ਸਨ। ਇਸ ਨਾਲ ਉਸ ਨੇ ਗੋਲਡਨ ਬੂਟ ਦੀ ਦੌੜ ਵਿੱਚ ਲਿਓਨਲ ਮੈਸੀ ਅਤੇ ਕਾਇਲੀਅਨ ਐਮਬਾਪੇ ਦੀ ਬਰਾਬਰੀ ਕੀਤੀ।
ਨੇਮਾਰ ਨੇ ਇੰਜਰੀ ਟਾਈਮ ਦੇ 10ਵੇਂ ਮਿੰਟ ਵਿੱਚ ਪੈਨਲਟੀ ‘ਤੇ ਗੋਲ ਕਰਕੇ ਸਕੋਰ 2-1 ਕਰ ਦਿੱਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਗੋਲ ਨੇ ਹਾਰ ਦਾ ਫਰਕ ਸਿਰਫ ਘਟਾਇਆ ਹੀ। 1990 ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਬ੍ਰਾਜ਼ੀਲ ਏਨੀ ਜਲਦੀ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ।
ਸੱਟਾਂ ਨਾਲ ਜੂਝ ਰਹੇ ਨੇਮਾਰ ਨੇ ਇਸ ਵਿਸ਼ਵ ਕੱਪ ਵਿੱਚ ਸਿਰਫ ਦੋ ਮੈਚ ਖੇਡੇ। ਉਹ ਨਾਰਵੇ ਦੇ ਖਿਲਾਫ ਦੂਜੇ ਹਾਫ ਵਿੱਚ ਮੈਦਾਨ ‘ਤੇ ਆਇਆ ਅਤੇ ਪੈਨਲਟੀ ‘ਤੇ ਗੋਲ ਕੀਤਾ। ਬ੍ਰਾਜ਼ੀਲ ਦੇ ਕਪਤਾਨ ਮਾਰਕਿਨਹੋਸ ਨੇ ਕਿਹਾ, ‘ਹੁਣ ਖਿਡਾਰੀਆਂ ਦੀ ਇੱਕ ਨਵੀਂ ਪੀੜ੍ਹੀ ਦਾ ਸਮਾਂ ਹੈ।’
ਨੇਮਾਰ ਨੇ 130 ਕੌਮਾਂਤਰੀ ਮੈਚ ਖੇਡੇ ਹਨ। ਸਿਰਫ ਕਾਫੂ (142) ਨੇ ਹੀ ਬ੍ਰਾਜ਼ੀਲ ਲਈ ਉਸ ਤੋਂ ਵੱਧ ਮੈਚ ਖੇਡੇ ਹਨ। ਆਪਣੇ ਆਖਰੀ ਮੈਚ ਵਿੱਚ ਗੋਲ ਕਰਕੇ, ਨੇਮਾਰ ਨੇ ਮਹਾਨ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ। ਦੋਵਾਂ ਖਿਡਾਰੀਆਂ ਨੇ ਚਾਰ-ਚਾਰ ਫੀਫਾ ਵਿਸ਼ਵ ਕੱਪ ਵਿੱਚ ਗੋਲ ਕੀਤੇ। ਨੇਮਾਰ ਕੌਮਾਂਤਰੀ ਗੋਲਾਂ ਦੇ ਮਾਮਲੇ ਵਿੱਚ ਪੇਲੇ ਤੋਂ ਤਿੰਨ ਗੋਲ ਅੱਗੇ ਹੈ। ਪੇਲੇ ਦੇ 77 ਗੋਲ ਹਨ, ਜਦੋਂ ਕਿ ਨੇਮਾਰ ਦੇ 80 ਗੋਲ ਹਨ। ਇਹ ਲਗਾਤਾਰ ਛੇਵਾਂ ਫੀਫਾ ਵਿਸ਼ਵ ਕੱਪ ਹੈ, ਜਿਸ ਵਿੱਚ ਬ੍ਰਾਜ਼ੀਲ ਕਿਸੇ ਯੂਰਪੀਅਨ ਟੀਮ ਤੋਂ ਹਾਰਿਆ ਹੈ। ਉਹ 2006 ਵਿੱਚ ਫਰਾਂਸ, 2010 ਵਿੱਚ ਨੀਦਰਲੈਂਡ, 2014 ਵਿੱਚ ਜਰਮਨੀ, 2018 ਵਿੱਚ ਬੈਲਜੀਅਮ, 2022 ਵਿੱਚ ਕ੍ਰੋਏਸ਼ੀਆ ਅਤੇ 2026 ਵਿੱਚ ਨਾਰਵੇ ਤੋਂ ਹਾਰਿਆ।
ਇੰਗਲੈਂਡ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਹਾਫ ਵਿੱਚ ਜੈਰਲ ਕੁਆਂਸਾ ਨੂੰ ਲਾਲ ਕਾਰਡ ਦਿਖਾਏ ਜਾਣ ਤੋਂ ਬਾਅਦ, ਇੰਗਲੈਂਡ ਲਗਪਗ 35 ਮਿੰਟਾਂ ਤੱਕ 10 ਖਿਡਾਰੀਆਂ ਨਾਲ ਖੇਡਿਆ, ਪਰ ਆਪਣੀ ਲੀਡ ਬਣਾਈ ਰੱਖੀ। ਜੂਡ ਬੇਲਿੰਘਮ ਨੇ 36ਵੇਂ ਅਤੇ 38ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕਰਕੇ ਇੰਗਲੈਂਡ ਨੂੰ 2-0 ਦੀ ਲੀਡ ਦਿਵਾਈ। ਜੂਲੀਅਨ ਕੁਇਨੋਨਸ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਇੱਕ ਗੋਲ ਉਤਾਰਿਆ। ਕੁਏਨਕਾ ਨੂੰ 54ਵੇਂ ਮਿੰਟ ਵਿੱਚ ਲਾਲ ਕਾਰਡ ਮਿਲਿਆ। ਇਸ ਦੇ ਬਾਵਜੂਦ ਹੈਰੀ ਕੇਨ ਨੇ 60ਵੇਂ ਮਿੰਟ ਵਿੱਚ ਪੈਨਲਟੀ ‘ਤੇ ਗੋਲ ਕਰਕੇ ਇੰਗਲੈਂਡ ਨੂੰ 3-1 ਦੀ ਬੜ੍ਹਤ ਦਿਵਾਈ। ਰਾਉਲ ਜਿਮੇਨੇਜ਼ ਨੇ 69ਵੇਂ ਮਿੰਟ ਵਿੱਚ ਪੈਨਲਟੀ ‘ਤੇ ਗੋਲ ਕਰਕੇ ਸਕੋਰ 3-2 ਕਰ ਦਿੱਤਾ, ਪਰ ਮੈਕਸੀਕੋ ਬਰਾਬਰੀ ਨਹੀਂ ਕਰ ਸਕਿਆ। ਮੈਕਸੀਕੋ 1986 ਤੋਂ ਬਾਅਦ ਅੱਠਵੀਂ ਵਾਰ ਪ੍ਰੀ-ਕੁਆਰਟਰ ਫਾਈਨਲ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ।





