ਕੈਪਟਨ ਅਮਰਿੰਦਰ ਵਾਂਗ ਅਮਰਿੰਦਰ ਰਾਜਾ ਖਿਲਾਫ ਪਾਈਆਂ ਕਰੰਗੜੀਆਂ
ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸੁਮਨ, ਕ੍ਰਿਸ਼ਨ ਗਰਗ)
ਪਿਛਲੀਆਂ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਿੱਛਾ ਛੁਡਾਉਣ ਲਈ ਇਕੱਠੇ ਹੋਏ ਕਾਂਗਰਸੀ ਆਗੂ ਹੁਣ ਵਰਤਮਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਿੱਛਾ ਛੁਡਾਉਣ ਲਈ ਕਾਹਲੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਸਵੇਰੇ ਮੁਹਾਲੀ ਵਿੱਚ ਮੀਟਿੰਗ ਕਰਕੇ ਰਾਜਾ ਵੜਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਪੁੱਜੇ ਤਾਂ ਰਾਜਾ ਵੜਿੰਗ ਦੀ ਅਗਵਾਈ ‘ਚ ਉਨ੍ਹਾ ਦੇ ਸਵਾਗਤ ਵੇਲੇ ਚੰਨੀ ਧੜਾ ਗਾਇਬ ਰਿਹਾ।
ਹਵਾਈ ਅੱਡੇ ‘ਤੇ ਬਘੇਲ ਦੇ ਸਵਾਗਤ ਮੌਕੇ ਕਾਫੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ‘ਚ ਨਾਅਰੇ ਲਗਾਏ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਨਜ਼ਰ ਆਏ। ਚੰਨੀ ਧੜੇ ਦਾ ਕੋਈ ਵੀ ਆਗੂ ਹਾਜ਼ਰ ਨਹੀਂ ਸੀ। ਅਹਿਮ ਸੂਤਰਾਂ ਅਨੁਸਾਰ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਐਨ ਐੱਸ ਯੂ ਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਗੈਰਹਾਜ਼ਰ ਰਹੇ। ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਨਾਲੋਂ ਦੂਰੀ ਬਣਾਈ ਰੱਖੀ।
ਬਘੇਲ ਦੇ ਸਵਾਗਤ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਖਰੇ ਤੌਰ ‘ਤੇ ਪਹੁੰਚੇ। ਉਨ੍ਹਾ ਬਘੇਲ ਦਾ ਸਵਾਗਤ ਤਾਂ ਕੀਤਾ, ਪਰ ਉਹ ਰਾਜਾ ਵੜਿੰਗ ਨਾਲੋਂ ਦੂਰੀ ਬਣਾ ਕੇ ਚੱਲੇ। ਬਘੇਲ ਸਭ ਤੋਂ ਪਹਿਲਾਂ ਬਾਜਵਾ ਦੇ ਘਰ ਪਹੁੰਚੇ, ਪਰ ਇਸ ਮੌਕੇ ਰਾਜਾ ਵੜਿੰਗ ਨਜ਼ਰ ਨਹੀਂ ਆਏ। ਬਾਜਵਾ ਦੇ ਘਰ ਸਾਬਕਾ ਮੰਤਰੀ ਓ ਪੀ ਸੋਨੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ। ਓ ਪੀ ਸੋਨੀ ਪਹਿਲਾਂ ਚੰਨੀ ਦੇ ਮੋਰਿੰਡਾ ਇਕੱਠ ‘ਚ ਵੀ ਪਹੁੰਚੇ ਸਨ।
ਬਾਜਵਾ ਦੇ ਰੌਂਅ ਤੋਂ ਜਾਪਦਾ ਹੈ ਕਿ ਉਹ ਹਾਈਕਮਾਂਡ ਦੇ ਨਾਲ ਨੇੜਤਾ ਬਣਾ ਕੇ ਚੱਲ ਰਹੇ ਹਨ ਅਤੇ ਨਾਲ-ਨਾਲ ਉਹ ਰਾਜਾ ਵੜਿੰਗ ਨਾਲੋਂ ਵੀ ਦੂਰੀ ਬਣਾ ਕੇ ਕਾਂਗਰਸ ਦੀ ਲੜਾਈ ‘ਚ ਵਿਚਕਾਰ ਵਾਲਾ ਰਸਤਾ ਅਖਤਿਆਰ ਕਰ ਰਹੇ ਹਨ। ਭੁਪੇਸ਼ ਬਘੇਲ ਚੰਨੀ ਧੜੇ ਨਾਲ ਸੰਬੰਧਤ ਪ੍ਰਮੁੱਖ ਆਗੂਆਂ ਨਾਲ ਰਾਬਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।
ਇਸੇ ਦੌਰਾਨ ਰਾਜਾ ਵੜਿੰਗ ਨੇ ਕਾਂਗਰਸ ‘ਚ ਕਿਸੇ ਧੜੇਬੰਦੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਕਾਂਗਰਸ ਦਾ ਪਰਵਾਰ ਇੱਕਜੁੱਟ ਹੈ ਅਤੇ ਆਉਂਦੇ ਦਿਨਾਂ ‘ਚ ਸਭ ਆਗੂ ਇੱਕ ਮੰਚ ‘ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾ ਕਿਹਾ ਕਿ ਕਾਂਗਰਸ ‘ਚ ਕੋਈ ਅੰਦਰੂਨੀ ਫੁੱਟ ਨਹੀਂ ਹੈ ਅਤੇ ਸਾਰੇ ਆਗੂ ਇਕੱਠੇ ਹਨ। ਵੜਿੰਗ ਨੇ ਕਿਹਾ ਕਿ ਮੋਰਿੰਡਾ ਇਕੱਠ ਅਤੇ ਸੋਮਵਾਰ ਦੀ ਚੰਨੀ ਦੀ ਅਗਵਾਈ ਵਾਲੀ ਮੀਟਿੰਗ ਵੀ ਕਾਂਗਰਸ ਦੀ ਮਜ਼ਬੂਤੀ ਲਈ ਸੀ। ਕਿਸੇ ਨੇਤਾ ਦਾ ਇਨ੍ਹਾਂ ਮੀਟਿੰਗਾਂ ‘ਚ ਨਾ ਬੋਲਣਾ ਕਾਂਗਰਸ ‘ਚ ਅਨੁਸ਼ਾਸਨ ਹੋਣ ਦੀ ਵੱਡੀ ਮਿਸਾਲ ਹੈ।
ਮੁਹਾਲੀ ਮੀਟਿੰਗ ‘ਚ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਰਜ਼ੀਆ ਸੁਲਤਾਨਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਅੰਗਦ ਸੈਣੀ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ। ਮੀਟਿੰਗ ‘ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕਿਸੇ ਚੋਣ ਦੇ ਰੁਝੇਵੇਂ ਕਾਰਨ ਸ਼ਾਮਲ ਨਹੀਂ ਹੋਏ ਪਰ ਉਨ੍ਹਾ ਦੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਮੀਟਿੰਗ ‘ਚ ਹਾਜ਼ਰ ਸਨ।
ਸੂਤਰ ਦੱਸਦੇ ਹਨ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ‘ਚ ਸ਼ਾਮਲ ਹੋਣ ਦੀ ਹਾਮੀ ਭਰੀ ਸੀ, ਪਰ ਉਹ ਪਹੁੰਚੇ ਨਹੀਂ। ਮੀਟਿੰਗ ‘ਚ ਵੜਿੰਗ ਖਿਲਾਫ ਖਾਕਾ ਵੀ ਤਿਆਰ ਕੀਤਾ ਗਿਆ ਤਾਂ ਜੋ ਹਾਈਕਮਾਂਡ ਨੂੰ ਜਾਣੂ ਕਰਾਇਆ ਜਾ ਸਕੇ।
ਇਸ ਖਾਕੇ ਵਿੱਚ ਰਾਜਾ ਵੜਿੰਗ ਦੀ ਬਿਆਨਬਾਜ਼ੀ ਕਾਰਨ ਜ਼ਮੀਨੀ ਪੱਧਰ ‘ਤੇ ਕਾਂਗਰਸ ਨੂੰ ਵੱਜੀ ਸਿਆਸੀ ਸੱਟ ਦਾ ਜ਼ਿਕਰ ਹੈ। ਮੀਟਿੰਗ ‘ਚ ਚਰਚਾ ਹੋਈ ਕਿ ਵੜਿੰਗ ਦੀ ਮਰਹੂਮ ਬੂਟਾ ਸਿੰਘ ਬਾਰੇ ਬਿਆਨਬਾਜ਼ੀ ਕਰਕੇ ਦਲਿਤ ਭਾਈਚਾਰਾ ਨਾਰਾਜ਼ ਹੋ ਗਿਆ ਸੀ ਅਤੇ ਤਰਨ ਤਾਰਨ ਵਿਚਲੇ ਬਿਆਨਾਂ ਕਰਕੇ ਸਿੱਖ ਭਾਈਚਾਰਾ ਵੀ ਔਖ ‘ਚ ਹੈ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਖਿਲਾਫ ਬਿਆਨਬਾਜ਼ੀ ਕਰਕੇ ਓ ਬੀ ਸੀ ਭਾਈਚਾਰਾ ਵੀ ਕਾਂਗਰਸ ਪ੍ਰਤੀ ਗਿਲਾ ਰੱਖ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਲੀਡਰਾਂ ਵੱਲੋਂ ਇਹ ਸੁਨੇਹਾ ਦਿੱਤਾ ਜਾਣਾ ਹੈ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਸਮਝਿਆ ਜਾਵੇ ਤੇ ਵੜਿੰਗ ਦੀ ਅਗਵਾਈ ‘ਚ ਕਾਂਗਰਸ ਚੋਣਾਂ ਨਹੀਂ ਜਿੱਤ ਸਕੇਗੀ। ਮੀਟਿੰਗ ਤੋਂ ਬਾਅਦ ਆਗੂਆਂ ਨੇ ਚੰਨੀ ਨਾਲ ਫੋਟੋਆਂ ਵੀ ਖਿਚਵਾਈਆਂ। ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਘੱਟੋ-ਘੱਟ ਤਿੰਨ ਮੌਜੂਦਾ ਵਿਧਾਇਕ, ਕੁਝ ਸਾਬਕਾ ਮੰਤਰੀ ਅਤੇ ਕਈ ਜ਼ਿਲ੍ਹਾ ਪੱਧਰੀ ਆਗੂ, ਜੋ ਹੁਣ ਤੱਕ ਜਨਤਕ ਅੰਦਰੂਨੀ ਲੜਾਈ ਤੋਂ ਦੂਰ ਰਹੇ ਸਨ, ਨੇ ਹੁਣ ਚੰਨੀ ਕੈਂਪ ਨੂੰ ਸਮਰਥਨ ਦਿੱਤਾ ਹੈ। ਚੰਨੀ ਦੇ ਨੇੜਲੇ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਸਮਰਥਨ ਵਧ ਰਿਹਾ ਹੈ। ਇੱਕ ਸੀਨੀਅਰ ਵਿਧਾਇਕ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, ”ਹਰ ਘੰਟੇ ਹੋਰ ਆਗੂ ਸੰਪਰਕ ਕਰ ਰਹੇ ਹਨ। ਉਹ ਚੰਨੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਅਤੇ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੋਵਾਂ ਲਈ ਕੁਦਰਤੀ ਪਸੰਦ ਵਜੋਂ ਦੇਖਦੇ ਹਨ।”




