ਅਯੁੱਧਿਆ (ਨਵਾਂ ਜ਼ਮਾਨਾ ਸਰਵਿਸ)
ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਦਿੱਤੇ ਗਏ ਦਾਨ ਵਿੱਚ ਚੋਰੀ ਦੀ ਚੱਲ ਰਹੀ ਜਾਂਚ ਦਰਮਿਆਨ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਕੁਮਾਰ ਮਿਸ਼ਰਾ ਦੇ ਅਸਤੀਫੇ ਮਨਜ਼ੂਰ ਕਰ ਲਏ ਅਤੇ ਕ੍ਰਿਸ਼ਨ ਮੋਹਨ ਨੂੰ ਅੰਤਰਮ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ, ਜਦੋਂ ਕਿ ਗੋਵਿੰਦ ਗਿਰੀ ਟਰੱਸਟ ਦੇ ਖਜ਼ਾਨਚੀ ਬਣੇ ਰਹਿਣਗੇ। 74 ਸਾਲਾ ਕ੍ਰਿਸ਼ਨ ਮੋਹਨ ਇੰਡੀਅਨ ਫਾਰੈਸਟ ਸਰਵਿਸ ਦੇ ਰਿਟਾਇਰਡ ਅਧਿਕਾਰੀ ਹਨ। ਉਨ੍ਹਾ ਨੂੰ ਕਮਲੇਸ਼ਵਰ ਚੌਪਾਲ ਦੀ ਮੌਤ ਤੋਂ ਬਾਅਦ ਸਤੰਬਰ 2025 ਵਿੱਚ ਟਰੱਸਟੀ ਬਣਾਇਆ ਗਿਆ ਸੀ। ਹਰਦੋਈ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਮੋਹਨ ਪੂਰਬੀ ਯੂ ਪੀ ਦੇ ਆਰ ਐੱਸ ਐੱਸ ਦੇ ਛੇਤਰ ਸੰਘ ਚਾਲਕ ਹਨ।
ਟਰੱਸਟ ਦਫਤਰ ਵਿੱਚ ਬਿਨਾਂ ਬੁਲਾਏ ਪਹੁੰਚੇ ਗੋਪਾਲ ਰਾਓ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਟਰੱਸਟ ਦੇ ਕਈ ਮੈਂਬਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨਾਲ ਬਹੁਤ ਗੁੱਸੇ ਵਿੱਚ ਦਿਖਾਈ ਦਿੱਤੇ।
ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੀਟਿੰਗ ਵਿੱਚ 15 ਵਿੱਚੋਂ ਨੌਂ ਮੈਂਬਰ ਮੌਜੂਦ ਸਨ, ਜਦੋਂ ਕਿ ਦੋ ਵਰਚੁਅਲੀ ਸ਼ਾਮਲ ਹੋਏ। ਉਨ੍ਹਾ ਕਿਹਾ, ‘ਅਸਤੀਫਾ ਸਵੀਕਾਰ ਕਰਦੇ ਸਮੇਂ ਅਸੀਂ ਸ਼ੁਰੂ ਤੋਂ ਹੀ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਦੇ ਹਾਂ।’ ਗਿਰੀ ਨੇ ਅੱਗੇ ਕਿਹਾ, ‘ਅਸੀਂ 22 ਤਰੀਕ ਨੂੰ ਦੁਬਾਰਾ ਮਿਲ ਰਹੇ ਹਾਂ। ਉਸ ਸਮੇਂ ਤੱਕ ਸਾਨੂੰ ਉਮੀਦ ਹੈ ਕਿ ਸਿੱਟ ਦੀ ਅੰਤਮ ਰਿਪੋਰਟ ਆ ਜਾਵੇਗੀ। ਚੋਰੀ ਤਾਂ ਚੋਰੀ ਹੀ ਹੁੰਦੀ ਹੈ। ਸਿੱਟ ਆਪਣਾ ਕੰਮ ਕਰ ਰਹੀ ਹੈ। ਅਸੀਂ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਾਂ ਕਿ ਜਿਹੜੇ ਵੀ ਦੋਸ਼ੀ ਹਨ ਜਾਣੇ-ਪਛਾਣੇ ਜਾਂ ਅਣਜਾਣ, ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’
ਟਰੱਸਟ ਦੇ ਚੇਅਰਮੈਨ ਨ੍ਰਿਤਿਆ ਗੋਪਾਲ ਦਾਸ ਨੇ ਚੱਲ ਰਹੇ ਦਾਨ ਵਿਵਾਦ ‘ਤੇ ਆਪਣੀ ਪਹਿਲੀ ਟਿੱਪਣੀ ‘ਚ ਫੰਡਾਂ ਦੇ ਕਥਿਤ ਗਬਨ ਵਿੱਚ ਸ਼ਾਮਲ ਲੋਕਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ। ਉਨ੍ਹਾ ਕਿਹਾ, ‘ਮੈਨੂੰ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੂਰਾ ਵਿਸ਼ਵਾਸ ਹੈ ਕਿ ਇਸ ਗਲਤ ਕੰਮ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਕਿਸੇ ਵੀ ਤਰੀਕੇ ਨਾਲ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ।’





