‘ਕਾਕਰੋਚਾਂ’ ਦੀ ਵੱਡੀ ਜਿੱਤ, ਐੱਕਸ ਅਕਾਊਂਟ ਅਨਬਲੌਕ

0
10

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ‘ਕਾਕਰੋਚ ਜਨਤਾ ਪਾਰਟੀ’ ਦੇ ਐੱਕਸ ਅਕਾਊਂਟ ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਮੰਨਿਆ ਕਿ ਨੀਟ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਹੁਣ ਉਹ ਚਿੰਤਾ ਬਾਕੀ ਨਹੀਂ ਰਹੀ, ਜਿਸ ਕਾਰਨ ਇਸ ਅਕਾਊਂਟ ਨੂੰ ਬਲੌਕ ਕੀਤਾ ਗਿਆ ਸੀ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਵੱਲੋਂ ਅਕਾਊਂਟ ਬਲੌਕ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਣਵਾਈ ਦੌਰਾਨ ਭਾਰਤ ਦੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਕੇਂਦਰ ਸਰਕਾਰ ਦੀ ਮੁੱਖ ਚਿੰਤਾ ਇਹ ਸੀ ਕਿ ਇਸ ਅਕਾਊਂਟ ‘ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ਨੀਟ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭੰਬਲਭੂਸਾ ਜਾਂ ਹਫੜਾ-ਦਫੜੀ ਪੈਦਾ ਕਰ ਸਕਦੀਆਂ ਹਨ। ਕੇਂਦਰ ਦੀ ਇਸ ਦਲੀਲ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਕਿਹਾ ਕਿ ਕਿਉਂਕਿ ਪ੍ਰੀਖਿਆ ਹੁਣ ਖ਼ਤਮ ਹੋ ਚੁੱਕੀ ਹੈ, ਇਸ ਲਈ ਕੇਂਦਰ ਸਰਕਾਰ ਵੱਲੋਂ ਜਤਾਈ ਗਈ ਚਿੰਤਾ ਹੁਣ ਪ੍ਰਾਸੰਗਿਕ ਨਹੀਂ ਰਹੀ।
ਅਦਾਲਤ ਨੇ ਕਾਕਰੋਚ ਜਨਤਾ ਪਾਰਟੀ ਦੇ ਐਗਰ ਅਕਾਊਂਟ ਨੂੰ ਤੁਰੰਤ ਖੋਲ੍ਹਣ ਦਾ ਨਿਰਦੇਸ਼ ਦਿੱਤਾ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣੇ ਐੱਕਸ ਅਕਾਊਂਟ ‘ਤੇ ਪੋਸਟ ਕੀਤਾ, ‘ਕਾਕਰੋਚ ਜਨਤਾ ਪਾਰਟੀ ਲਈ ਇੱਕ ਵੱਡੀ ਜਿੱਤ, ਦਿੱਲੀ ਹਾਈ ਕੋਰਟ ਨੇ ਸਾਡੇ ਅਸਲੀ ਐੱਕਸ ਅਕਾਊਂਟ ਨੂੰ ਅਨਬਲੌਕ ਕਰਨ ਦਾ ਹੁਕਮ ਦਿੱਤਾ ਹੈ। ਇਹ ਨਾ ਸਿਰਫ਼ ਸੀ ਜੇ ਪੀ ਤੇ ਸਾਡੀ ਮੁਹਿੰਮ ਲਈ, ਬਲ ਕਿ ਪ੍ਰਗਟਾਵੇ ਦੀ ਆਜ਼ਾਦੀ ਅਤੇ ਡਿਜੀਟਲ ਅਧਿਕਾਰਾਂ ਦੀ ਵੀ ਇੱਕ ਵੱਡੀ ਜਿੱਤ ਹੈ। ਅਸੀਂ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖਾਂਗੇ।’