ਖੇਤੀ ਤੇ ਪੇਂਡੂ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਭੁੱਖ ਹੜਤਾਲੀ ਵਾਂਗਚੁੱਕ ਤੇ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ

0
11

ਜਲੰਧਰ (ਗਿਆਨ ਸੈਦਪੁਰੀ)
ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਬੀ. ਵੈਂਕਟ ਤੇ ਸਾਹਿਲ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਸੋਨਮ ਵਾਂਗਚੁੱਕ ਅਤੇ 22 ਵਿਦਿਆਰਥੀਆਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ, ਜਿਹੜੇ ਜੰਤਰ ਮੰਤਰ ਦਿੱਲੀ ਵਿਖੇ ਭੁੱਖ ਹੜਤਾਲ ‘ਤੇ ਬੈਠੇ ਹਨ। ਉਕਤ ਆਗੂਆਂ ਦਾ ਇੱਕ ਸਾਂਝਾ ਵਫ਼ਦ ਜੰਤਰ-ਮੰਤਰ ਵਿਖੇ ਉਸ ਥਾਂ ‘ਤੇ ਜਾ ਕੇ ਮਿਲਿਆ, ਜਿੱਥੇ ਸੋਨਮ ਵਾਂਗਚੁੱਕ ਤੇ 22 ਵਿਦਿਆਰਥੀ ਭੁੱਖ ਹੜਤਾਲ ਰਾਹੀਂ ਸਖ਼ਤ ਰੋਸ ਪ੍ਰਗਟ ਕਰ ਰਹੇ ਹਨ। ਕਮਿਊਨਿਸਟ ਆਗੂਆਂ ਨੇ ਉਨ੍ਹਾਂ ਸੈਂਕੜੇ ਵਿਦਿਆਰਥੀਆਂ ਨਾਲ ਵੀ ਯਕਯਹਿਤੀ ਦਾ ਪ੍ਰਗਟਾਵਾ ਕੀਤਾ, ਜਿਹੜੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਭਾਰਤ ਦੀ ਜਵਾਨੀ ਪਿਛਲੇ ਇੱਕ ਮਹੀਨੇ ਤੋਂ ਸੜਕਾਂ ‘ਤੇ ਹੈ।
ਉਹ ਨੈਸ਼ਨਲ ਟੈਸਟਿੰਗ ਏਜੰਸੀ, ਜਿਹੜੀ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਨਾਲ ਖਿਲਵਾੜ ਕਰਨ ਲਈ ਬਦਨਾਮ ਹੋ ਚੁੱਕੀ ਹੈ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਕੇਂਦਰੀ ਸਿੱਖਿਆ ਮੰਤਰੀ ਅਸਤੀਫ਼ਾ ਦੇਵੇ। ਐੱਨ ਟੀ ਏ ਦੀ ਅਯੋਗਤਾ ਸਭ ਦੇ ਸਾਹਮਣੇ ਹੈ। ਪਿਛਲੇ ਸਮੇਂ 89 ਪੇਪਰ ਲੀਕ ਹੋ ਚੁੱਕੇ ਹਨ। ਪ੍ਰੀਖਿਆਵਾਂ ਦੀ ਇਸ ਭਿਆਨਕ ਸਥਿਤੀ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਬੇਹੱਦ ਦਰਦ ਤੇ ਪੀੜਾ ਦਿੱਤੀ ਹੈ।ਉਹ ਆਪਣੇ ਪਰਵਾਰਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਅਣਥੱਕ ਮਿਹਨਤ ਨਾਲ ਤਿਆਰੀ ਕਰਦੇ ਹਨ।
ਇਸ ਸਾਲ ਨੀਟ ਪ੍ਰੀਖਿਆ ਦੌਰਾਨ ਜਦੋਂ ਪੇਪਰ ਰੱਦ ਹੋ ਗਿਆ ਤਾਂ ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਨੇ ਦੇਸ਼ ਦੇ ਨੌਜਵਾਨਾਂ ਨੂੰ ਕਾਕਰੋਚ ਕਹਿ ਦਿੱਤਾ।ਇਸ ਨਾਲ ਨੌਜਵਾਨਾਂ ਦੇ ਸਬਰ ਦਾ ਪਿਆਲਾ ਛਲਕ ਪਿਆ। ਦੇਸ਼ ਦੇ ਸਿਸਟਮ ਨੂੰ ਨੌਜਵਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਦਾ ਖੂਨ ਉਬਾਲੇ ਖਾ ਰਿਹਾ ਹੈ। ਇਹ ਉਬਾਲ ਦਾ ਹੀ ਨਤੀਜਾ ਹੈ ਕਿ ਸੋਨਮ ਵਾਂਗਚੁੱਕ ਅਤੇ 22 ਨੌਜਵਾਨ ਜੰਤਰ-ਮੰਤਰ ‘ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਹਨ। ਇਹ ਧਰਮਿੰਦਰ ਪ੍ਰਧਾਨ ਸਿਰਫ ਪੇਪਰ ਲੀਕ ਹੋਣ ਦਾ ਹੀ ਜ਼ਿੰਮੇਵਾਰ ਨਹੀਂ, ਸਗੋਂ ਉਹ ਖੁਦਕੁਸ਼ੀਆਂ ਕਰ ਗਏ ਸੈਂਕੜੇ ਨੌਜਵਾਨਾਂ ਦੀ ਮੌਤ ਲਈ ਵੀ ਜ਼ਿੰਮੇਵਾਰ ਹੈ।
ਆਗੂਆਂ ਕਿਹਾ ਕਿ ਖੇਤੀ ਤੇ ਪੇਂਡੂ ਮਜ਼ਦੂਰ ਸਿੱਖਿਆ ਪ੍ਰਣਾਲੀ ਦੀ ਅਸਫਲਤਾ ਕਾਰਨ ਪੀੜਤ ਸਾਰੇ ਵਿਦਿਆਰਥੀਆਂ ਦੇ ਨਾਲ ਖੜੇ ਹਨ। ਅਸੀਂ ਧਰਮਿੰਦਰ ਪ੍ਰਧਾਨ ਦੇ ਤਰੁੰਤ ਅਸਤੀਫ਼ੇ ਦੀ ਮੰਗ ਕਰਦੇ ਹਾਂ।