ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜਨ-ਜਾਗ੍ਰਤੀ ਮੁਹਿੰਮ ਤੇਜ਼ ਕਰਨ ਦਾ ਐਲਾਨ

0
6

ਜਲੰਧਰ (ਰਾਜੇਸ਼ ਥਾਪਾ)
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ’ ਦੀ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੁਖਦਰਸ਼ਨ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਆਰ ਐੱਸ ਐੱਸ- ਭਾਜਪਾ ਦੇ ਦੇਸ਼ ਨੂੰ ਪੂਰੀ ਤਰ੍ਹਾਂ ਅਮਰੀਕੀ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਕੋਝੇ ਮਨਸੂਬਿਆਂ ਅਤੇ ਸੰਵਿਧਾਨਕ ਲੋਕਤੰਤਰ ਦੀ ਥਾਂ ਤਾਨਾਸ਼ਾਹ ਫਾਸ਼ੀਵਾਦੀ ਨਿਜ਼ਾਮ ਪੱਕਾ ਕਰਨ ਦੇ ਮਨੂੰਵਾਦੀ ਏਜੰਡੇ ਖਿਲਾਫ ਸਿਆਸੀ ਜਾਗਰਤੀ ਮੁਹਿੰਮ ਜ਼ਮੀਨੀ ਪੱਧਰ ‘ਤੇ ਹੋਰ ਤੇਜ਼ ਕਰਨ ਦਾ ਨਿਰਣਾ ਲਿਆ ਹੈ।ਮੀਟਿੰਗ ਵਿੱਚ ਆਰ ਐੱਮ ਪੀ ਆਈ. ਵੱਲੋਂ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਮਹੀਪਾਲ, ਸੀ ਪੀ ਆਈ ਵੱਲੋਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਵੱਲੋਂ ਅਜਮੇਰ ਸਿੰਘ ਸਮਰਾ ਤੇ ਸ ਸ ਮਾਹਲ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸੁਖਦੇਵ ਸਿੰਘ ਝਾਮਕਾ, ਐੱਮ ਸੀ ਪੀ ਆਈ-ਯੂ ਵੱਲੋਂ ਕਿਰਨਜੀਤ ਸਿੰਘ ਸੇਖੋਂ ਸ਼ਾਮਲ ਹੋਏ।ਮੀਟਿੰਗ ਨੇ ਲੰਘੀ 22 ਜੂਨ ਨੂੰ ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਵਿਰੁੱਧ ਜ਼ਿਲ੍ਹਾ ਕੇਂਦਰਾਂ ‘ਤੇ ਜਥੇਬੰਦ ਕੀਤੇ ਗਏ ਰੈਲੀਆਂ-ਮੁਜ਼ਾਹਰਿਆਂ ਬਾਰੇ ਤਸੱਲੀ ਜ਼ਾਹਿਰ ਕਰਦਿਆਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਿੰਡਾਂ ਤੇ ਸ਼ਹਿਰਾਂ-ਕਸਬਿਆਂ ‘ਚ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਇਹ ਵੀ ਫੈਸਲਾ ਕੀਤਾ ਗਿਆ ਕਿ ਉਕਤ ਮੁਹਿੰਮ ਦੇ ਸਿਖਰ ‘ਤੇ ਫਰੰਟ ‘ਚ ਸ਼ਾਮਲ ਪਾਰਟੀਆਂ ਵੱਲੋਂ ਸੂਬਾ ਪੱਧਰ ਦੀ ਇਕ ਵਿਸ਼ਾਲ ਜਨਤਕ ਰੈਲੀ ਵੀ ਕੀਤੀ ਜਾਵੇਗੀ।ਬਿਆਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਰੰਟ ‘ਚ ਸ਼ਾਮਲ ਕੁਝ ਇਕ ਪਾਰਟੀਆਂ ਨੇ ਫਰੰਟ ਦੀ ਰਾਜਸੀ ਸੇਧ ਅਤੇ ਐਕਸ਼ਨਾਂ ਨਾਲ ਪੂਰੀ ਸਹਿਮਤੀ ਦਾ ਇਜ਼ਹਾਰ ਕਰਦਿਆਂ ਆਪਣੇ ਜਥੇਬੰਦਕ ਰੁਝੇਵਿਆਂ ਕਰਕੇ ਆਰਜ਼ੀ ਤੌਰ ‘ਤੇ ਫਰੰਟ ਦੀ ਮੁਹਿੰਮ ਤੇ ਇਕੱਠ ‘ਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ।