ਤਨਖਾਹ-ਪੈਨਸ਼ਨ ਨਾ ਮਿਲਣ ‘ਤੇ ਵਿਸ਼ਾਲ ਰੈਲੀ ਤੇ ਰੋਸ ਮਾਰਚ

0
7

ਪਟਿਆਲਾ (ਰਜਿੰਦਰ ਸਿੰਘ ਥਿੰਦ)
ਇੱਥੇ ਪਟਿਆਲਾ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਵਰਕਰਾਂ ਦੀਆਂ ਮੰਗਾਂ ਅਤੇ ਤਨਖਾਹਾਂ-ਪੈਨਸ਼ਨ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਵਿਸ਼ਾਲ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ।ਰੈਲੀ ਅਤੇ ਰੋਸ ਮਾਰਚ ਦੀ ਅਗਵਾਈ ਸਰਵਸ੍ਰੀ ਨਿਰਮਲ ਸਿੰਘ ਧਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਕਰ ਰਹੇ ਸਨ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਦਿੱਤੀਆਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ ਲੱਗਭੱਗ 700 ਕਰੋੜ ਰੁਪਏ ਦੀ ਰਾਸ਼ੀ ਪੀ.ਆਰ.ਟੀ.ਸੀ. ਨੂੰ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਪੀ.ਆਰ.ਟੀ.ਸੀ. ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ ਹੈ, ਜਿਸ ਦਾ ਖਮਿਆਜ਼ਾ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਕਰਮਚਾਰੀ ਭੁਗਤ ਰਹੇ ਹਨ, ਜਿਨ੍ਹਾਂ ਨੂੰ ਕਦੇ ਵੀ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ।ਇਸ ਤੋਂ ਇਲਾਵਾ ਸੇਵਾ-ਮੁਕਤ ਹੋਏ ਕਰਮਚਾਰੀਆਂ ਨੂੰ ਡੇਢ ਸਾਲ ਤੋਂ ਉਹਨਾਂ ਦੇ ਸੇਵਾ-ਮੁਕਤੀ ਲਾਭ ਨਹੀਂ ਮਿਲ ਰਹੇ, ਮੈਡੀਕਲ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਪੇ ਕਮਿਸ਼ਨ ਦੇ ਬਕਾਏ ਵੀ ਦੇਣੇ ਸ਼ੁਰੂ ਨਹੀਂ ਕੀਤੇ ਗਏ, ਹੋਰ ਅਨੇਕਾਂ ਕਿਸਮ ਦੇ ਬਕਾਏ ਵੀ ਅਦਾ ਨਹੀਂ ਕੀਤੇ ਜਾ ਰਹੇ।100 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਰਮਚਾਰੀਆਂ ਦੀ ਬਕਾਇਆ ਦੇ ਰੂਪ ਵਿੱਚ ਖੜੀ ਹੈ, ਜਿਸ ਦੀ ਚਿੰਤਾ ਨਾ ਹੀ ਮੈਨੇਜਮੈਂਟ ਨੂੰ ਹੈ ਤੇ ਨਾ ਹੀ ਹੰਕਾਰ ਦੇ ਘੋੜੇ ‘ਤੇ ਸਵਾਰ ਇਸ ਮੁਲਾਜ਼ਮ-ਮਜ਼ਦੂਰ ਵਿਰੋਧੀ ਸਾਬਤ ਹੋ ਚੁੱਕੀ ਸਰਕਾਰ ਨੂੰ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਵਰਕਰਾਂ ਦੀਆਂ ਅਤੇ ਅਦਾਰੇ ਦੀਆਂ ਹੋਰ ਮੰਗਾਂ ਸੰਬੰਧੀ ਕਿਹਾ ਕਿ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲ ਦੇ ਸਮੇਂ ਵਿੱਚ ਪੀ.ਆਰ.ਟੀ.ਸੀ. ਦੀ ਆਪਣੀ ਮਾਲਕੀ ਵਾਲੀ ਇੱਕ ਵੀ ਬਸ ਨਹੀਂ ਪੈਣ ਦਿੱਤੀ, ਜਿਸ ਦਾ ਫਾਇਦਾ ਪ੍ਰਾਈਵੇਟ ਬੱਸ ਮਾਫੀਏ ਨੂੰ ਹੋ ਰਿਹਾ ਹੈ। ਕੰਟਰੈਕਟ/ਆਊਟ ਸੋਰਸ ਵਰਕਰਾਂ ਨੂੰ ਅਦਾਲਤ ਵੱਲੋਂ ਰੈਗੂਲਰ ਕਰਨ ਦੇ ਫੈਸਲੇ ਦੀ ਰੋਸ਼ਨੀ ਵਿੱਚ ਸਾਰੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਟੀ.ਏ./ਡੀ.ਏ. ਰੇਟਾਂ ਵਿੱਚ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਸੀ, ਪਰ ਪੀ.ਆਰ.ਟੀ.ਸੀ. ਮੈਨੇਜਮੈਂਟ ਨੇ ਅਜੇ ਤੱਕ ਇਹ ਵੀ ਲਾਗੂ ਨਹੀਂ ਕੀਤੇ, ਮਿਤੀ 01.01.2004 ਤੋਂ ਬਾਅਦ ਭਰਤੀ ਹੋਏ ਕੁੱਝ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਮਿਲਣਾ ਸੀ, ਉਹ ਵੀ ਨਹੀਂ ਦਿੱਤਾ ਜਾ ਰਿਹਾ। ਸੇਵਾ-ਮੁਕਤ ਕਰਮਚਾਰੀਆਂ ਨੂੰ ਹਰ ਦੋ ਸਾਲ ਬਾਅਦ ਇੱਕ ਬੇਸਿਕ ਪੇਅ ਦੇ ਬਰਾਬਰ ਮਿਲਣਯੋਗ ਯਾਤਰਾ ਭੱਤਾ ਨਹੀਂ ਦਿੱਤਾ ਜਾ ਰਿਹਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਕੁੱਝ ਕੁ ਬਜ਼ੁਰਗ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ, ਵਰਕਰਾਂ ਦੀਆਂ ਤਰੱਕੀਆਂ ਨੂੰ ਲੰਮੇ ਸਮੇਂ ਤੱਕ ਬਿਨਾਂ ਵਜ੍ਹਾ ਤੋਂ ਲਟਕਾਅ ਕੇ ਰੱਖਿਆ ਜਾਂਦਾ ਹੈ।ਡਰਾਈਵਰਾਂ-ਕੰਡਕਟਰਾਂ ਦੀ ਘਾਟ ਪੂਰੀ ਨਹੀਂ ਕੀਤੀ ਜਾ ਰਹੀ, ਆਗੂਆਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਾਰੀਆਂ ਕਾਨੂੰਨੀ ਤੌਰ ‘ਤੇ ਵਾਜਬ ਮੰਗਾਂ ਦੇ ਬਿਨਾਂ ਦੇਰੀ ਹੱਲ ਨਾ ਕੀਤੇ ਗਏ ਤਾਂ ਲਗਾਤਾਰ ਧਰਨੇ-ਮੁਜ਼ਾਹਰੇ ਹੋਰ ਵੀ ਵੱਧ ਤਾਕਤ ਨਾਲ ਕੀਤੇ ਜਾਣਗੇ। ਰੈਲੀ ਨੂੰ ਸਰਵਸ੍ਰੀ ਨਿਰਮਲ ਸਿੰਘ ਧਾਲੀਵਾਲ, ਗੰਡਾ ਸਿੰਘ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਨੇ ਸੰਬੋਧਨ ਕੀਤਾ ਅਤੇ ਰਮੇਸ਼ ਕੁਮਾਰ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ।