ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।ਉਨ੍ਹਾ ਕਿਹਾ ਕਿ ਸਰਕਾਰ ਨੇ ਆਟੋ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਤੋਂ ਝੂਠ ਬੁਲਵਾਇਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਜਦਕਿ ਟੋਇਟਾ, ਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ਵਿੱਚ ਮੰਨਿਆ ਹੈ ਕਿ 10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀ ਹੈ। ਉਨ੍ਹਾਂ ਕਿਹਾ, ‘ਮੈਂ ਸਾਰੀਆਂ ਆਟੋ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਲਿਖਤੀ ਰੂਪ ਵਿੱਚ ਮੰਗਾਂਗਾ ਕਿ ਉਹ ਈ-20 ਕਾਰਨ ਗੱਡੀ ਦੀ ਮਾਈਲੇਜ ਘਟਣ ਜਾਂ ਪਾਰਟਸ ਖ਼ਰਾਬ ਹੋਣ ‘ਤੇ ਭਰਪਾਈ ਕਰਨ ਦਾ ਭਰੋਸਾ ਦੇਣ।ਅਗਲੇ ਹਫ਼ਤੇ ਮੈਂ ਪੀ ਐੱਮ ਨੂੰ ਵੀ ਚਿੱਠੀ ਲਿਖਾਂਗਾ ਅਤੇ ਪੁੱਛਾਂਗਾ ਕਿ ਜੇਕਰ ਕਿਸੇ ਗੱਡੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ? ‘
ਮੰਗਲਵਾਰ ‘ਆਪ’ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੇ ਦੇਸ਼ ‘ਤੇ ਜ਼ਬਰਦਸਤੀ ਈ-20 ਪੈਟਰੋਲ ਮੜ੍ਹ ਰਹੀ ਹੈ। ਰੋਜ਼ ਝੂਠ ‘ਤੇ ਝੂਠ ਬੋਲਿਆ ਜਾ ਰਿਹਾ ਹੈ, ਕਦੇ ਇੱਕ ਮੰਤਰੀ ਝੂਠ ਬੋਲ ਰਿਹਾ ਹੈ, ਤਾਂ ਕਦੇ ਦੂਜਾ ਮੰਤਰੀ।ਝੂਠ ਦੇ ਪੁਲੰਦੇ ਬੰਨ੍ਹੇ ਜਾ ਰਹੇ ਹਨ।ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਮਨਾਉਣ ਅਤੇ ਇਹ ਸਮਝਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ ਕਿ ਉਹ ਈ-20 ਦੀ ਵਰਤੋਂ ਕਰ ਲੈਣ।
ਕੇਜਰੀਵਾਲ ਨੇ ਕਿਹਾ ਕਿ 3 ਜੁਲਾਈ ਨੂੰ ਕੇਂਦਰ ਸਰਕਾਰ ਨੇ ਛੇ ਆਟੋ ਮੈਨੂਫੈਕਚਰਿੰਗ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ, ਹੀਰੋ ਮੋਟੋਕਾਰਪ, ਹੁੰਡਈ ਮੋਟਰ, ਬਜਾਜ ਆਟੋ ਅਤੇ ਟੀ ਵੀ ਐੱਸ ਮੋਟਰ ਕੰਪਨੀ ਨੂੰ ਕਿਹਾ ਕਿ ਉਹ ਪ੍ਰੈੱਸ ਕਾਨਫਰੰਸ ਕਰਨ ਅਤੇ ਜਨਤਾ ਨੂੰ ਦੱਸਣ ਕਿ ਈ-20 ਸਹੀ ਪੈਟਰੋਲ ਹੈ। ਜੇਕਰ ਕਿਸੇ ਦਾ ਵਾਹਨ ਈ-10 ਹੈ, ਤਾਂ ਵੀ ਈ-20 ਚੱਲੇਗਾ।ਉਨ੍ਹਾਂ ਦਾ ਵਾਹਨ ਈ-20 ਨਹੀਂ ਹੈ, ਤਾਂ ਵੀ ਚੱਲੇਗਾ।ਉਨ੍ਹਾਂ ਦਾ ਵਾਹਨ ਜੇਕਰ ਈ-0 ਜਾਂ ਈ-5 ‘ਤੇ ਚੱਲਣ ਵਾਲਾ ਹੈ, ਤਾਂ ਵੀ ਈ-20 ਪੈਟਰੋਲ ਚੱਲੇਗਾ।
ਛੇ ਵਿੱਚੋਂ ਤਿੰਨ ਕੰਪਨੀਆਂ ਨੇ ਸਰਕਾਰ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ ਇੰਨਾ ਵੱਡਾ ਝੂਠ ਨਹੀਂ ਬੋਲ ਸਕਦੀਆਂ, ਪਰ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਪ੍ਰੈੱਸ ਕਾਨਫਰੰਸ ਵਿੱਚ ਜਨਤਾ ਨਾਲ ਝੂਠ ਬੋਲਿਆ।ਇਹਨਾਂ ਤਿੰਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਕਿਸੇ ਦਾ ਵਾਹਨ ਈ-0, ਈ-5 ਜਾਂ ਈ-10 ਹੈ ਅਤੇ ਜੇਕਰ ਉਹ ਉਸ ਵਿੱਚ ਈ-20 ਪੈਟਰੋਲ ਪਾ ਦਿੰਦੇ ਹਨ, ਤਾਂ ਕੋਈ ਸਮੱਸਿਆ ਨਹੀਂ ਹੈ। ਸਿਰਫ਼ 5-7 ਫੀਸਦੀ ਮਾਈਲੇਜ ਘਟੇਗੀ, ਪਰ ਫਿਊਲ ਟੈਂਕ, ਫਿਊਲ ਸਿਸਟਮ ਅਤੇ ਇੰਜਣ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।ਇਹਨਾਂ ਤਿੰਨਾਂ ਕੰਪਨੀਆਂ ਨੇ ਜਨਤਾ ਨਾਲ ਝੂਠ ਬੋਲਿਆ।ਜਦੋਂ ਲੋਕ ਗੱਡੀ ਖਰੀਦਦੇ ਹਨ ਤਾਂ ਗੱਡੀ ਦੇ ਨਾਲ ਇੱਕ ਓਨਰ ਮੈਨੂਅਲ ਮਿਲਦਾ ਹੈ।ਉਸ ਵਿੱਚ ਸਾਰੀਆਂ ਸ਼ਰਤਾਂ ਹੁੰਦੀਆਂ ਹਨ।ਉਹ ਇੱਕ ਤਰ੍ਹਾਂ ਨਾਲ ਗਾਹਕ ਅਤੇ ਆਟੋ ਕੰਪਨੀ ਵਿਚਕਾਰ ਸਮਝੌਤਾ ਹੁੰਦਾ ਹੈ।
ਕੇਜਰੀਵਾਲ ਨੇ ਕਿਹਾ, ‘ਬੁੱਧਵਾਰ ਨੂੰ ਮੈਂ ਝੂਠ ਬੋਲਣ ਵਾਲੀਆਂ ਇਹਨਾਂ ਤਿੰਨਾਂ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਦਾ ਓਨਰ ਮੈਨੂਅਲ ਤਾਂ ਇਹ ਕਹਿੰਦਾ ਹੈ ਅਤੇ ਉਹ ਪ੍ਰੈੱਸ ਕਾਨਫਰੰਸ ਵਿੱਚ ਕੁਝ ਹੋਰ ਕਹਿੰਦੇ ਹਨ।ਉਹ ਲਿਖਤੀ ਰੂਪ ਵਿੱਚ ਦੇਣ ਕਿ ਜੇਕਰ ਕਿਸੇ ਗੱਡੀ ਦੀ ਮਾਈਲੇਜ 10 ਫੀਸਦੀ ਤੋਂ ਵਧ-ਘਟ ਜਾਂਦੀ ਹੈ, ਤਾਂ ਕੀ ਉਹ ਉਸ ਵਿਅਕਤੀ ਨੂੰ ਮਾਈਲੇਜ ਲਈ ਮੁਆਵਜ਼ਾ ਦੇਣਗੇ? ਜੇਕਰ ਈ-20 ਦੀ ਵਰਤੋਂ ਕਰਨ ਨਾਲ ਗੱਡੀ ਖ਼ਰਾਬ ਹੋ ਜਾਂਦੀ ਹੈ ਜਾਂ ਕੋਈ ਟੁੱਟ-ਭੱਜ ਹੁੰਦੀ ਹੈ, ਤਾਂ ਕੀ ਉਹ ਉਸ ਗੱਡੀ ਦੇ ਪੁਰਜ਼ੇ ਬਦਲਣ ਦਾ ਮੁਆਵਜ਼ਾ ਦੇਣਗੇ? ਉਹ ਇੱਕ ਵਾਰ ਹਾਂ ਕਹਿ ਦੇਣ, ਪੂਰੇ ਦੇਸ਼ ਵਿੱਚ ਉਹਨਾਂ ਦੇ ਪਲਾਂਟਾਂ ਦੇ ਸਾਹਮਣੇ ਗੱਡੀਆਂ ਦੀਆਂ ਲਾਈਨਾਂ ਲੱਗ ਜਾਣਗੀਆਂ।ਮੈਂ ਦੂਜੀਆਂ ਕੰਪਨੀਆਂ ਨੂੰ ਵੀ ਚਿੱਠੀ ਲਿਖਾਂਗਾ, ਜਿਨ੍ਹਾਂ ਸਰਕਾਰ ਦੇ ਕਹਿਣ ਦੇ ਬਾਵਜੂਦ ਝੂਠ ਨਹੀਂ ਬੋਲਿਆ।ਉਹਨਾਂ ਨੂੰ ਬੱਸ ਇਹ ਪੁੱਛਾਂਗਾ ਕਿ ਇੱਕ ਵਾਰ ਸਪੱਸ਼ਟ ਕਰ ਦੇਣ ਕਿ ਕੀ ਉਹ ਵੀ ਮੰਨਦੇ ਹਨ ਕਿ ਈ-10 ਵਿੱਚ ਈ-20 ਪੈਟਰੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ? ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਾਂਗਾ ਕਿ ਉਹਨਾਂ ਦੇ ਇਸ ਗਲਤ ਕਦਮ ਦਾ ਨੁਕਸਾਨ ਜਨਤਾ ਕਿਉਂ ਭੁਗਤੇ? ਉਹ ਇਹ ਦੱਸ ਦੇਣ ਕਿ ਜੇਕਰ ਲੋਕਾਂ ਦੀ ਗੱਡੀ ਦੀ ਮਾਈਲੇਜ ਘਟਦੀ ਹੈ, ਤਾਂ ਹਰਜਾਨਾ ਉਹਨਾਂ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀ? ਜੇਕਰ ਲੋਕਾਂ ਦੀ ਗੱਡੀ ਦਾ ਇੰਜਣ ਜਾਂ ਫਿਊਲ ਸਿਸਟਮ ਖ਼ਰਾਬ ਹੁੰਦਾ ਹੈ, ਤਾਂ ਹਰਜਾਨਾ ਤਾਂ ਦੇਣਾ ਹੀ ਪਵੇਗਾ।ਜਨਤਾ ਹਰਜਾਨਾ ਕਿਉਂ ਭੁਗਤੇ? ਹਰਜਾਨਾ ਮੋਦੀ ਜੀ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀ? ‘
ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਇੱਕ ਹੋਰ ਝੂਠ ਚਲਾ ਰੱਖਿਆ ਹੈ ਕਿ ਭਾਰਤ ਕੋਈ ਪਹਿਲਾ ਦੇਸ਼ ਥੋੜ੍ਹੀ ਹੈ, ਜੋ ਐਥਨੌਲ ਦੀ ਵਰਤੋਂ ਕਰ ਰਿਹਾ ਹੈ, ਹੋਰ ਵੀ ਬਹੁਤ ਸਾਰੇ ਦੇਸ਼ ਹਨ, ਜੋ ਐਥਨੌਲ ਦੀ ਵਰਤੋਂ ਕਰ ਰਹੇ ਹਨ, ਉੱਥੇ ਤਾਂ ਲੋਕ ਰੌਲਾ ਨਹੀਂ ਪਾ ਰਹੇ।ਇਹ ਅੱਧਾ ਸੱਚ ਹੈ।ਬਾਕੀ ਦੇਸ਼ਾਂ ਵਿੱਚ ਜੋ ਐਥਨੌਲ ਵਰਤਿਆ ਜਾ ਰਿਹਾ ਹੈ, ਉਹ ਈ-10 ਤੋਂ ਘੱਟ ਵਰਤਿਆ ਜਾ ਰਿਹਾ ਹੈ।ਨਾਰਮਲ ਗੱਡੀਆਂ ਵੀ ਈ-10 ਤੱਕ ਤਾਂ ਵਰਤੋਂ ਕਰ ਲੈਂਦੀਆਂ ਹਨ, ਉਸ ਤੋਂ ਵੱਧ ਨਹੀਂ ਕਰ ਪਾਉਂਦੀਆਂ।ਜਰਮਨੀ, ਅਮਰੀਕਾ, ਫਰਾਂਸ ਅਤੇ ਥਾਈਲੈਂਡ ਵਿੱਚ ਅਜੇ ਤੱਕ ਈ-10 ਤੋਂ ਘੱਟ ਵਰਤੋਂ ਹੁੰਦੀ ਹੈ। ਉਹਨਾ ਦੱਸਿਆ ਕਿ ਜਾਪਾਨ ਵਿੱਚ ਈ-3 ਦੀ ਵਰਤੋਂ ਹੁੰਦੀ ਹੈ ਅਤੇ ਉੱਥੇ ਈ-10 ਦਾ ਟੀਚਾ 2030 ਰੱਖਿਆ ਗਿਆ ਹੈ।ਉਨ੍ਹਾਂ ਨੇ 7-8 ਸਾਲਾਂ ਦਾ ਫੇਜ਼ ਆਊਟ ਪੀਰੀਅਡ ਦਿੱਤਾ ਹੈ।ਈ-3 ਤੋਂ ਈ-10 ਤੱਕ ਜਾਣ ਲਈ ਜਾਪਾਨ ਨੇ 7 ਸਾਲ ਰੱਖੇ ਹਨ। ਈ-20 ਦਾ ਟੀਚਾ ਜਾਪਾਨ ਨੇ 2040 ਰੱਖਿਆ ਹੈ।ਅੱਜ ਤੋਂ 16 ਸਾਲ ਬਾਅਦ ਈ-20 ਵਿੱਚ ਜਾਣ ਲਈ ਜਾਪਾਨ 16 ਸਾਲ ਦਾ ਸਮਾਂ ਲਵੇਗਾ।ਥਾਈਲੈਂਡ ਨੇ 2008 ਵਿੱਚ ਟਰਾਇਲ ਅਤੇ ਪਾਇਲਟ ਬੇਸਿਸ ‘ਤੇ ਕੁਝ ਪੈਟਰੋਲ ਪੰਪਾਂ ‘ਤੇ ਈ-20 ਟ੍ਰਾਈ ਕੀਤਾ ਸੀ।ਅੱਜ 2026 ਹੋ ਗਿਆ ਹੈ, 18 ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਉੱਥੇ ਦੋਵੇਂ ਵਿਕਲਪ ਮੌਜੂਦ ਹਨ। ਲੋਕ ਈ-20 ਲੈ ਸਕਦੇ ਹਨ ਜਾਂ ਈ-10 ਲੈ ਸਕਦੇ ਹਨ।ਉੱਥੇ 18 ਸਾਲਾਂ ਦਾ ਫੇਜ਼ ਆਊਟ ਪੀਰੀਅਡ ਚੱਲ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਬ੍ਰਾਜ਼ੀਲ ਇਕੱਲਾ ਦੇਸ਼ ਹੈ, ਜਿੱਥੇ ਈ-100 ਦੀ ਵਰਤੋਂ ਹੁੰਦੀ ਹੈ, ਯਾਨੀ ਜ਼ੀਰੋ ਪੈਟਰੋਲ।ਉੱਥੇ ਇਹਨਾਂ ਗੱਡੀਆਂ ਨੂੰ ਫਲੈਕਸੀ ਫਿਊਲ ਵ੍ਹੀਕਲ ਕਿਹਾ ਜਾਂਦਾ ਹੈ।ਬ੍ਰਾਜ਼ੀਲ ਨੇ ਬਦਲਾਅ ਲਈ 50 ਸਾਲ ਲਏ।1931 ਵਿੱਚ ਬ੍ਰਾਜ਼ੀਲ ਵਿੱਚ ਈ-5 ਲਿਆਂਦਾ ਗਿਆ ਸੀ ਅਤੇ 1985 ਵਿੱਚ ਈ-20 ਲਿਆਂਦਾ ਗਿਆ।ਉਹਨਾਂ ਨੂੰ 50 ਸਾਲ ਲੱਗ ਗਏ।1975 ਵਿੱਚ ਬ੍ਰਾਜ਼ੀਲ ਨੇ ਬਦਲਾਅ ਸ਼ੁਰੂ ਕੀਤਾ ਅਤੇ 1975 ਤੋਂ 1985 ਦਰਮਿਆਨ 10 ਸਾਲ ਦਾ ਸਮਾਂ ਲਿਆ। 1985 ਤੋਂ ਅੱਜ ਤੱਕ ਉਹਨਾਂ ਹੋਰ ਸਮਾਂ ਲਿਆ।ਹੁਣ ਬ੍ਰਾਜ਼ੀਲ ਵਿੱਚ ਲੋਕਾਂ ਨੂੰ ਵਿਕਲਪ ਮਿਲਦਾ ਹੈ ਕਿ ਉਹ ਈ-100 ਲੈ ਲੈਣ, ਈ-20 ਲੈ ਲੈਣ ਜਾਂ ਈ-30 ਲੈ ਲੈਣ।ਉੱਥੇ ਈ-30 ਬੇਸਿਕ ਹੈ।ਉਹਨਾਂ ਏਨੇ ਸਾਲਾਂ ਵਿੱਚ ਆਪਣੇ ਸਾਰੇ ਵਾਹਨਾਂ ਨੂੰ ਇਸਦੇ ਅਨੁਕੂਲ ਬਣਾ ਲਿਆ ਹੈ।
ਕੇਜਰੀਵਾਲ ਨੇ ਦੱਸਿਆ ਕਿ ਭਾਰਤ ਵਿੱਚ 6 ਫਰਵਰੀ 2023 ਨੂੰ ਟਰਾਇਲ ਬੇਸਿਸ ‘ਤੇ ਪੂਰੇ ਦੇਸ਼ ਦੇ ਕੇਵਲ 1900 ਪੈਟਰੋਲ ਪੰਪਾਂ ‘ਤੇ ਈ-20 ਲਿਆਂਦਾ ਗਿਆ ਸੀ ਅਤੇ ਮਾਤਰ 3 ਸਾਲ ਬਾਅਦ, 1 ਅਪ੍ਰੈਲ 2026 ਨੂੰ ਪੂਰੇ ਦੇਸ਼ ਦੇ 90 ਹਜ਼ਾਰ ਪੈਟਰੋਲ ਪੰਪਾਂ ‘ਤੇ ਇਸ ਨੂੰ ਜ਼ਬਰਦਸਤੀ ਥੋਪ ਦਿੱਤਾ ਗਿਆ।ਸਾਡੇ ਦੇਸ਼ ਵਿੱਚ 22 ਕਰੋੜ ਮੋਟਰਸਾਈਕਲ ਅਜਿਹੇ ਹਨ, ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੇ।8 ਕਰੋੜ ਕਾਰਾਂ ਅਜਿਹੀਆਂ ਹਨ, ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੀਆਂ।ਸਰਕਾਰ ਦੀ ਇਸ ਜ਼ਿੱਦ ਕਾਰਨ 30 ਕਰੋੜ ਵਾਹਨ ਜੋਖਮ ‘ਤੇ ਹਨ।ਇਹਨਾਂ 30 ਕਰੋੜ ਵਾਹਨਾਂ ਦਾ ਕਬਾੜਾ ਹੋ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਉਹਨਾ ਦੀ ਮੋਦੀ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜ਼ਿੱਦ ਨਾ ਕਰਨ ਅਤੇ ਮੰਨ ਜਾਣ।ਜਨਤਾ ਕੇਵਲ ਇੱਕ ਹੀ ਚੀਜ਼ ਮੰਗ ਰਹੀ ਹੈ ਕਿ ਵਿਕਲਪ ਦੇ ਦਿੱਤਾ ਜਾਵੇ।ਉਹ ਈ-20 ਰੱਖਣ, ਪਰ ਜਦੋਂ ਆਦਮੀ ਪੈਟਰੋਲ ਪੰਪ ‘ਤੇ ਜਾਵੇ ਤਾਂ ਉਸ ਨੂੰ ਈ-0 ਵੀ ਮਿਲਣਾ ਚਾਹੀਦਾ ਹੈ, ਈ-10 ਵੀ ਮਿਲਣਾ ਚਾਹੀਦਾ ਹੈ ਅਤੇ ਈ-20 ਵੀ ਮਿਲਣਾ ਚਾਹੀਦਾ ਹੈ।ਇਹਨਾਂ ਦੇ ਵੱਖ-ਵੱਖ ਰੇਟ ਰੱਖ ਦਿੱਤੇ ਜਾਣ, ਜਿਸ ਨੂੰ ਜੋ ਸਮਝ ਆਵੇ, ਜਿਸ ਦੀ ਜੇਬ ਜੋ ਇਜਾਜ਼ਤ ਦੇਵੇ, ਜਿਸ ਦਾ ਜੋ ਵਿਚਾਰ ਬਣੇ ਅਤੇ ਜਿਸ ਦੀ ਬੁੱਧੀ ਜੋ ਇਜਾਜ਼ਤ ਦੇਵੇ, ਉਹ ਉਹੀ ਪੈਟਰੋਲ ਖਰੀਦ ਲਵੇ।




