ਨਵੀਂ ਦਿੱਲੀ (ਨ ਜ਼ ਸ)
ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰੰਕਾ ਨੇ ਮੰਗਲਵਾਰ ਕਿਹਾ ਕਿ ਆਈ ਆਈ ਟੀ ਦਿੱਲੀ ਦੇ 31 ਸਾਲਾ ਵਿਦਿਆਰਥੀ ਦੀ ਖੁਦਕੁਸ਼ੀ ਨਾਲ ਹੋਈ ਮੌਤ ਨੇ ਦੇਸ਼ ਭਰ ਵਿੱਚ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਸ਼ਨੀਵਾਰ ਸਵੇਰੇ ਆਈ ਆਈ ਟੀ ਦਿੱਲੀ ਕੈਂਪਸ ਦੀ ਛੇਵੀਂ ਮੰਜ਼ਲ ਤੋਂ ਛਾਲ ਮਾਰਨ ਤੋਂ ਬਾਅਦ ਐੱਮ ਐੱਸ ਸੀ ਫਿਜ਼ਿਕਸ ਦੇ ਦੂਜੇ ਸਾਲ ਦੇ ਵਿਦਿਆਰਥੀ ਰਿਸ਼ੀਕੇਸ਼ ਦੀ ਮੌਤ ਹੋ ਗਈ, ਜਿਸ ਨਾਲ ਵਿਦਿਆਰਥੀਆਂ ਵਿੱਚ ਗੁੱਸਾ ਫੈਲ ਗਿਆ ਅਤੇ ਉਨ੍ਹਾਂ ਪ੍ਰਸ਼ਾਸਨ ‘ਤੇ ਇਸ ਦੁਖਾਂਤ ਨੂੰ ਆਮ ਘਟਨਾ ਵਜੋਂ ਪੇਸ਼ ਕਰਨ ਦਾ ਦੋਸ਼ ਲਗਾਇਆ। 300 ਤੋਂ ਵੱਧ ਵਿਦਿਆਰਥੀਆਂ ਨੇ ਸੋਮਵਾਰ ਕੈਂਪਸ ਵਿੱਚ ਜਵਾਬਦੇਹੀ ਅਤੇ ਪ੍ਰਣਾਲੀਗਤ ਸੁਧਾਰ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਰੰਕਾ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਰਿਸ਼ੀਕੇਸ਼ ਨੇ ਪਿਛਲੇ ਸਾਲ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ ਤੇ ਉਹ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਪਰ ਅਜਿਹਾ ਲੱਗਦਾ ਹੈ ਕਿ ਉਸ ਨੂੰ ਢੁਕਵੀਂ ਸੰਸਥਾਗਤ ਸਹਾਇਤਾ ਨਹੀਂ ਮਿਲੀ, ਜਿਸ ਵਿੱਚ ਹੋਸਟਲ ਰਿਹਾਇਸ਼ ਤੇ ਕਾਉਂਸਲਿੰਗ ਸ਼ਾਮਲ ਹੈ। ਬੀ ਟੈੱਕ ਦੂਜੇ ਸਾਲ ਦੇ ਵਿਦਿਆਰਥੀ ਸਕਸ਼ਮ ਨੇ ਕਿਹਾ ਕਿ ਵਿਦਿਆਰਥੀ ਇਸ ਗੱਲ ਤੋਂ ਨਿਰਾਸ਼ ਹਨ ਕਿ ਇਹ ਘਟਨਾ ਪਛਤਾਵੇ ਦੇ ਇੱਕ ਆਮ ਬਿਆਨ ਤੱਕ ਸੀਮਤ ਹੋ ਗਈ ਜਾਪਦੀ ਹੈ। ‘ਅਸੀਂ ਇੱਕ ਹੱਲ ਚਾਹੁੰਦੇ ਹਾਂ। ਪਿਛਲੇ 30 ਮਹੀਨਿਆਂ ਵਿੱਚ ਆਈ ਆਈ ਟੀ ਦਿੱਲੀ ਵਿੱਚ ਅੱਠ ਖੁਦਕੁਸ਼ੀਆਂ ਹੋਈਆਂ ਹਨ।’ ਇਸ ਦੁਖਾਂਤ ਨੇ ਪ੍ਰਮੁੱਖ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਬਾਰੇ ਚਿੰਤਾਵਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ, ਵਿਦਿਆਰਥੀ ਸਮੂਹਾਂ ਨੇ ਅਕਾਦਮਿਕ ਦਬਾਅ, ਪ੍ਰਸ਼ਾਸਨਿਕ ਨਿਰਲੇਪਤਾ ਅਤੇ ਨਾਕਾਫੀ ਮਾਨਸਿਕ ਸਿਹਤ ਸਹਾਇਤਾ ਵੱਲ ਇਸ਼ਾਰਾ ਕੀਤਾ ਹੈ। ਐੱਨ ਐੱਸ ਯ ੂਆਈ ਦੇ ਪ੍ਰਧਾਨ ਵਿਨੋਦ ਜਾਖੜ ਨੇ ਵੀ ਇੱਕ ਪੂਰੀ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਗੰਭੀਰ ਪਰੇਸ਼ਾਨੀ, ਟੁੱਟਦੇ ਵਿਦਿਆਰਥੀ-ਅਧਿਆਪਕ ਸੰਬੰਧ ਅਤੇ ਡਿੱਗਦੇ ਵਿਦਿਅਕ ਮਿਆਰ ਜਾਂਚ ਦੀ ਲੋੜ ਵਾਲੇ ਕਾਰਕਾਂ ਵਿੱਚ ਸ਼ਾਮਲ ਕੀਤੇ ਜਾਣ।

