ਜਲੰਧਰ (ਕੇਸਰ) ਆਈ ਡਬਲਿਊ ਏ ਗ੍ਰੇਟ ਬਿ੍ਰਟੇਨ ਅਤੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਦੇ ਆਗੂ, ਲੰਮਾ ਸਮਾਂ ਸਾਮਰਾਜ, ਫਾਸ਼ੀਵਾਦ ਵਿਰੋਧੀ ਲਹਿਰਾਂ ਦੀ ਅਗਵਾਈ ਕਰਦੇ ਰਹੇ ਅਵਤਾਰ ਸਿੰਘ ਜੌਹਲ ਸਦੀਵੀ ਵਿਛੋੜਾ ਦੇ ਗਏ। ਉਹਨਾ ਦੀ ਅਗਵਾਈ ’ਚ ਜਥੇਬੰਦੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ, ਮੇਲਾ, ਹੋਰ ਸਰਗਰਮੀਆਂ ਅਤੇ ਲੋੜਾਂ ਦੀ ਪੂਰਤੀ ਲਈ ਸਦਾ ਹੀ ਭਰਵਾਂ ਹੁੰਗਾਰਾ ਭਰਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸ਼ੀਤਲ ਸਿੰਘ ਸੰਘਾ, ਰਣਜੀਤ ਸਿੰਘ ਔਲਖ, ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਕੁਲਵੀਰ ਸਿੰਘ ਸੰਘੇੜਾ ਨੇ ਸਮੁੱਚੀ ਕਮੇਟੀ ਦੀ ਤਰਫੋਂ ਵਿਛੜੀ ਸ਼ਖਸੀਅਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਕਮੇਟੀ ਨੇ ਅਵਤਾਰ ਸਿੰਘ ਜੌਹਲ ਦੇ ਪਰਵਾਰ ਅਤੇ ਉਹਨਾ ਦੀਆਂ ਸੰਸਥਾਵਾਂ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦਿਆਂ ਉਹਨਾ ਦੇ ਅਧੂਰੇ ਕਾਜ਼ ਪੂਰੇ ਕਰਨ ਦਾ ਅਹਿਦ ਲਿਆ ਹੈ।