ਪਟਿਆਲਾ (ਨ ਜ਼ ਸ)-ਬਿਜਲੀ ਮੁਲਾਜ਼ਮਾਂ ਦੀਆਂ ਸਿਰਮੌਰ ਜਥੇਬੰਦੀਆਂ ਦੇ ਅਧਾਰਤ ਬਣੇ ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ. 24), ਮੁਲਾਜ਼ਮ ਯੂਨਾਇਟਿਡ ਆਰਗੇਨਾਈਜ਼ੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ, ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੇ ਸੱਦੇ ‘ਤੇ ਮੰਗਲਵਾਰ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਮੁੱਚੇ ਪੰਜਾਬ ਦਾ ਕੰਮਕਾਰ ਠੱਪ ਕਰਕੇ ਪੰਜਾਬ ਦੇ ਵੱਖ-ਵੱਖ ਮੰਡਲ/ ਉਪ ਮੰਡਲ ਦਫਤਰਾਂ ਅੱਗੇ ਰੈਲੀਆਂ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਸਾਂਝੇ ਥੜੇ ਦੇ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਬਾਸਰਕੇ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦੇਵਿੰਦਰ ਸਿੰਘ ਪਿਸ਼ੌਰ, ਕੌਰ ਸਿੰਘ ਸੋਹੀ, ਇੰਜ. ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਬਲਕੌਰ ਸਿੰਘ ਮਾਨ, ਪਵਨਪ੍ਰੀਤ ਸਿੰਘ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਗੁਰਪਿਆਰ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ/ ਮਸਲਿਆਂ ਨੂੰ ਅੱਖੋਂ-ਪਰੋਖੇ ਕਰਦੀ ਆ ਰਹੀ ਹੈ। ਆਗੂਆਂ ਦੱਸਿਆ ਕਿ ਬਿਜਲੀ ਨਿਗਮ ਅੰਦਰ ਹਜ਼ਾਰਾਂ ਅਸਾਮੀਆਂ ਖ਼ਾਲੀ ਹਨ, ਭਾਰੀ ਕੰਮ ਦੇ ਬੋਝ ਹੇਠ ਦੱਬੇ ਕਾਮੇ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਫਿਰ ਵੀ ਇਹਨਾਂ ਕਾਮਿਆਂ ਨੂੰ ਆਪਣੀਆਂ ਹੱਕੀਂ ਮੰਗਾਂ ਜਿਵੇਂ ਕਿ 17-07-20 ਦਾ ਪੱਤਰ ਰੱਦ ਕਰਕੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਬਿਜਲੀ ਕਾਮਿਆਂ ਉਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਹੋਣ ਵਾਲੇ ਕਰਮਚਾਰੀਆਂ ਨੂੰ ਪੇ ਬੈਂਡ ਲਾਗੂ ਕਰਨ, 18 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਕਿਸ਼ਤ ਅਤੇ ਬਕਾਇਆ, ਪੁਰਾਣੀ ਪੈਨਸ਼ਨ ਦੀ ਬਹਾਲੀ, ਸੋਲੇਸ਼ੀਅਮ ਪਾਲਿਸੀ ਅਧੀਨ ਭਰਤੀ ਕੀਤੇ ਕਰਮਚਾਰੀਆਂ ਤੋਂ 12 ਪ੍ਰਤੀਸ਼ਤ ਵਿਆਜ਼ ਦੀ ਸ਼ਰਤ ਹਟਾਉਣ, ਸਪੈਸ਼ਲ ਪੈਨਸ਼ਨ ਦਾ ਹੱਕ ਬਹਾਲ ਕਰਨ ਕਰਵਾਉਣ, ਵਿੱਤ ਸਰਕੂਲਰ 10/16 ਦੀ ਬਹਾਲੀ, ਵਿੱਤ ਸਰਕੂਲਰ 3/24 ਨਾਲ ਭੰਗ ਹੋਈ ਪੇ ਪੈਰਿਟੀ ਬਹਾਲ ਕਰਾਉਣ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਬਕਾਇਆ, ਤਿੰਨ ਸੀ ਆਰ ਏ ਦੇ ਤਹਿਤ ਭਰਤੀ ਕੀਤੇ ਕਾਮਿਆਂ ਦੇ ਕੰਟ੍ਰੈਕਟ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਨ, ਨਵੀਂ ਰੈਗੂਲਰ ਭਰਤੀ ਰਾਹੀਂ ਖ਼ਾਲੀ ਅਸਾਮੀਆਂ ਨੂੰ ਭਰਨ, ਨਵੀਆਂ ਅਸਾਮੀਆਂ ਦੀ ਰਚਨਾ, ਕੰਟੀਜੈਂਟ ਕਾਮਿਆਂ ਨੂੰ ਪੂਰੀ ਤਨਖਾਹ ਅਤੇ ਪਿਛਲੀ ਸੇਵਾ ਦਾ ਲਾਭ ਦੇਣਾ, ਵੱਖ-ਵੱਖ ਸਰੋਤਾਂ ਰਾਹੀਂ ਮਹਿਕਮੇ ਅੰਦਰ ਭਰਤੀ ਕੀਤੇ ਆਉਟਸੋਰਸਿੰਗ ਕਾਮਿਆਂ ਨੂੰ ਮਹਿਕਮੇ ਅੰਦਰ ਸਿੱਧੇ ਤੌਰ ‘ਤੇ ਸਮਾਂ ਕੇ ਰੈਗੂਲਰ ਕਰਨ ਦੀ ਪਾਲਿਸੀ ਬਣਾਉਣ ਅਤੇ ਉਜਰਤਾਂ ਵਿੱਚ ਵਾਧੇ, ਗੋਇੰਦਵਾਲ ਥਰਮਲ ਪਲਾਂਟ ਵਿੱਚ ਰੈਗੂਲਰ ਮੁਲਾਜ਼ਮਾਂ ਦੀ ਨਿਯੁਕਤੀ, 200 ਰੁ ਵਿਕਾਸ ਟੈਕਸ ਦੀ ਕਟੌਤੀ ਬੰਦ ਕਰਨ, ਪੈਨਸ਼ਨਰਜ਼ ਦੀ 2.45 ਫੈਕਟਰ ਦੀ ਥਾਂ 2.59 ਫੈਕਟਰ ਨਾਲ ਪੈਨਸ਼ਨ ਸੋਧਣੀ ਅਤੇ ਪੈਨਸ਼ਨਰਜ਼ ਨੂੰ ਬਿਨਾਂ ਸ਼ਰਤ 23 ਸਾਲਾ ਇੰਕਰੀਮੈਂਟ ਦਾ ਲਾਭ ਦੇਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਮਜ਼ਬੂਰਨ ਪੈਡੀ ਸੀਜ਼ਨ ਦੌਰਾਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਆਗੂਆਂ ਦੱਸਿਆ ਕਿ ਜਥੇਬੰਦੀ ਦੀ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਹਨ, ਪ੍ਰੰਤੂ ਮੰਗਾਂ ਮਸਲੇ ਹੱਲ ਕਰਨ ਦੀ ਬਜਾਇ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਨਵੇਂ ਮਸਲੇ ਪੈਦਾ ਕੀਤੇ ਜਾ ਰਹੇ ਹਨ, ਜਿਸ ਦੇ ਵਿਰੋਧ ਵਿੱਚ ਪੰਜਾਬ ਦੇ ਰੈਗੂਲਰ ਬਿਜਲੀ ਕਾਮੇ ਦੋ ਦਿਨ 21 ਅਤੇ 22 ਜੁਲਾਈ ਦੀ ਸਮੂਹਿਕ ਛੁੱਟੀ ਲੈ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਆਗੂਆਂ ਦੱਸਿਆ ਕਿ ਸਮੁੱਚੇ ਪੰਜਾਬ ਅੰਦਰ 80 ਪ੍ਰਤੀਸ਼ਤ ਤੋਂ ਉਪਰ ਕਾਮੇ ਸਮੂਹਿਕ ਛੁੱਟੀ ‘ਤੇ ਹਨ ਤੇ 22 ਜੁਲਾਈ ਨੂੰ ਵੀ ਕਮਾਈ ਛੁੱਟੀ ‘ਤੇ ਰਹਿਣਗੇ । ਇਸ ਤੋਂ ਇਲਾਵਾ ਬਿਜਲੀ ਨਿਗਮ ਦੇ ਪੈਨਸ਼ਨਰਜ਼ 22 ਜੁਲਾਈ ਨੂੰ ਸਮੁੱਚੇ ਪੰਜਾਬ ਦੇ ਡੀ ਸੀ ਦਫਤਰਾਂ ਅੱਗੇ ਕਾਲੇ ਝੰਡੇ ਲੈ ਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰਨਗੇ। ਆਗੂਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੰਗਾਂ/ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਆਪਣੀ ਹੋਵੇਗੀ।





