ਹਾਕੀ ਟੀਮ ‘ਚ 8 ਪੰਜਾਬ ਦੇ, ਕਪਤਾਨ ਹਰਮਨਪ੍ਰੀਤ

0
11

ਜਲੰਧਰ (ਕਮਲਜੀਤ ਥਾਬਲਕੇ)
ਨੀਦਰਲੈਂਡ ਅਤੇ ਬੈਲਜੀਅਮ ਵਿੱਚ 15 ਅਗਸਤ ਤੋਂ 30 ਅਗਸਤ ਤੱਕ ਹੋਣ ਵਾਲੇ ਵਿਸ਼ਵ ਹਾਕੀ ਕੱਪ 2026 ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 8 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਚੁਣੀ ਗਈ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਵਿੱਚ ਸੋਨ ਤਮਗਾ ਹਾਸਲ ਕਰਕੇ ਪਰਤੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਇਸ ਵਾਰ ਵੀ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ, ਜਦਕਿ ਇਸ ਟੀਮ ਵਿੱਚ ਭਾਰਤ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਉਲੰਪੀਅਨ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਵੀ ਟੀਮ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਸੀਨੀਅਰ ਅਤੇ ਜੂਨੀਅਰ ਖਿਡਾਰੀਆਂ ਦਾ ਸੁਮੇਲ ਹੈ। ਟੀਮ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਟੀਮ ਦੇ ਹੋਰਨਾਂ ਮੈਂਬਰਾਂ ‘ਚ ਮੋਹਿਤ ਐੱਚ ਐੱਸ, ਸੂਰਜ ਕਰਕੇਰਾ, ਅਮਿਤ ਰੋਹੀਦਾਸ, ਸੰਜੇ, ਸੁਮਿਤ, ਯਸ਼ਦੀਪ ਸਿਵਾਚ, ਵਿਵੇਕ ਸਾਗਰ ਪ੍ਰਸਾਦ, ਨੀਲਕੰਤਾ ਸ਼ਰਮਾ, ਰਜਿੰਦਰ ਸਿੰਘ, ਆਦਿਤਿਆ ਅਰਜੁਨ ਲਾਲਗੇ, ਅਭਿਸ਼ੇਕ ਤੇ ਸ਼ਿਲਾਨੰਦ ਲਾਕੜਾ ਸ਼ਾਮਲ ਹਨ। ਭਾਰਤ ਨੂੰ ਪੂਲ ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਰੱਖਿਆ ਗਿਆ ਹੈ।ਭਾਰਤ ਆਪਣੇ ਸਾਰੇ ਪੂਲ-ਸਟੇਜ ਮੈਚ ਨੀਦਰਲੈਂਡ ਦੇ ਐਮਸਟਲਵੀਨ ਵਿੱਚ ਖੇਡੇਗਾ।