ਫਾਸਟ ਟਰੈਕ ਅਦਾਲਤਾਂ ਦਾ ਗਠਨ ਸਿੱਖਿਆ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼

0
9

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨੇ ਚੁੱਪੀ ਤੋੜਦਿਆਂ ਵੀਰਵਾਰ ਐਲਾਨ ਕੀਤਾ ਕਿ ਪੇਪਰ ਲੀਕ ਦੇ ਸਾਰੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਤੇ ਸਖਤ ਤੋਂ ਸਖਤ ਸਜ਼ਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਕੋਰਟਾਂ ਦਾ ਗਠਨ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਸੰਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਸਖਤ ਨਿਰਦੇਸ਼ ਦੇ ਦਿੱਤੇ ਗਏ ਹਨ।
ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ‘ਐੱਕਸ’ ‘ਤੇ ਸਿੱਖਿਆ ਮੰਤਰੀ ਦੀ ਫੋਟੋ ਪੋਸਟ ਕਰਕੇ ਪ੍ਰਧਾਨ ਮੰਤਰੀ ਦੀ ਪੋਸਟ ‘ਤੇ ਚੁਟਕੀ ਲੈਂਦਿਆਂ ਕਿਹਾ, ‘ਪ੍ਰਧਾਨ ਮੰਤਰੀ ਨੂੰ ਨੋਟਿਸ ਲੈਣ, ਟਵੀਟ ਕਰਨ ਵਿੱਚ 34 ਦਿਨ ਲੱਗ ਗਏ; ਇਹ ਸ਼ਰਮਨਾਕ ਹੈ ਕਿ ਸਰਕਾਰ ਅਜੇ ਵੀ ਧਰਮਿੰਦਰ ਪ੍ਰਧਾਨ ਨੂੰ ਬਚਾ ਰਹੀ ਹੈ।’
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਹੀ ਸਨ, ਜਿਨ੍ਹਾ ਨੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਉਨ੍ਹਾ ਕਿਹਾ, ”ਤੁਸੀਂ ਉਹ ਵਿਅਕਤੀ ਹੋ, ਜਿਸ ਨੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਤੁਸੀਂ ਸਾਡੀ ਸਿੱਖਿਆ ਪ੍ਰਣਾਲੀ ਦੇ ਪੂਰੇ ਕਬਜ਼ੇ ਅਤੇ ਤਬਾਹੀ ਦੀ ਆਗਿਆ ਦਿੱਤੀ ਅਤੇ ਇਸ ਨੂੰ ਉਤਸ਼ਾਹਤ ਕੀਤਾ ਅਤੇ ਇਸ ਲਈ ਜ਼ਿੰਮੇਵਾਰ ਹਰ ਵਿਅਕਤੀ ਦੀ ਰੱਖਿਆ ਕੀਤੀ।”
ਉਨ੍ਹਾ ਕਾਂਗਰਸ ਦੀਆਂ ਮੰਗਾਂ ਨੂੰ ਦੁਹਰਾਇਆ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹਟਾਇਆ ਜਾਵੇ, ਸਰਕਾਰ ਵਿਦਿਆਰਥੀਆਂ ਤੋਂ ਮੁਆਫੀ ਮੰਗੇ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸੰਸਦ ਵਿੱਚ ਇਸ ਮੁੱਦੇ ‘ਤੇ ਬੋਲਣ ਤੋਂ ਗੁਰੇਜ਼ ਕੀਤਾ ਹੈ। ਮੋਦੀ ਵਿੱਚ ਸੰਸਦ ਨੂੰ ਸੰਬੋਧਨ ਕਰਨ ਅਤੇ ਗੰਭੀਰ ਬਹਿਸ ਵਿੱਚ ਹਿੱਸਾ ਲੈਣ ਦੀ ਹਿੰਮਤ ਨਹੀਂ ਹੈ, ਜਦੋਂ ਕਿ ਸਥਿਤੀ ਦੀ ਮੰਗ ਹੋਣ ‘ਤੇ ਉਨ੍ਹਾ ਦੇ ਪੂਰਵਜ ਅਜਿਹਾ ਕਰਦੇ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ”ਨਰਿੰਦਰ ਮੋਦੀ ਜੀ, ਤੁਹਾਡੀ ਦੇਖ-ਰੇਖ ਵਿੱਚ ਸਿੱਖਿਆ ਪ੍ਰਣਾਲੀ ਗਲ ਗਈ ਹੈ। ਸਾਨੂੰ ਖੋਖਲੇ ਵਾਅਦਿਆਂ ਜਾਂ ਟੁਕੜਿਆਂ ਵਿੱਚ ਕੀਤੇ ਐਲਾਨਾਂ ਦੀ ਲੋੜ ਨਹੀਂ ਹੈ। ਤੁਹਾਡੀ ਸਰਕਾਰ ਨੇ ਨੌਜਵਾਨਾਂ ਉੱਤੇ ਲਾਠੀਚਾਰਜ ਕੀਤਾ, ਪੈਲੇਟ ਗੰਨ ਦੀ ਵਰਤੋਂ ਕੀਤੀ, ਸ਼ੌਕ ਬੈਟਨ ਵਰਤੇ, ਬਿਨਾਂ ਕਿਸੇ ਡਰ ਦੇ ਅੰਨ੍ਹੇਵਾਹ ਬੇਰਹਿਮੀ ਕੀਤੀ, ਜਿਵੇਂ ਕਿ ਉਹ ਸਾਡੇ ਆਪਣੇ ਬੱਚੇ ਨਾ ਹੋਣ। ਆਪਣੇ ਏਅਰ-ਕੰਡੀਸ਼ਨਡ ਹਾਥੀ ਦੰਦ ਦੇ ਮਹਿਲਾਂ ਤੋਂ ਬਾਹਰ ਆਓ ਅਤੇ ਉਨ੍ਹਾਂ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦੀਆਂ ਅੱਖਾਂ ਵਿੱਚ ਦੇਖੋ, ਜੋ ਸੜਕਾਂ ‘ਤੇ ਲਹੂ ਨਾਲ ਲੱਥਪੱਥ ਹੋਏ ਸਨ।” ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੇ ਐਲਾਨ ਨੂੰ ਦੇਸ਼ ਦੇ ਬੱਚਿਆਂ ਨੂੰ ਮੂਰਖ ਬਣਾਉਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾ ਪੀ ਐੱਮ ਤੋਂ ਪੁੱਛਿਆ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਕੀ ਹੋਇਆ? ਬੱਚਿਆਂ ਨੇ ਤਾਂ ਫਾਸਟ ਟ੍ਰੈਕ ਕੋਰਟ ਦੀ ਮੰਗ ਹੀ ਨਹੀਂ ਕੀਤੀ ਸੀ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ।ਉਨ੍ਹਾ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਫਾਸਟ ਟ੍ਰੈਕ ਕੋਰਟ ਹਨ, ਪਰ ਕਈਆਂ ਵਿੱਚ ਸੁਣਵਾਈ ਹੀ ਨਹੀਂ ਹੁੰਦੀ, ਤਾਂ ਕਈਆਂ ਵਿੱਚ ਆਮ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ।ਅਜਿਹਾ ਕੋਈ ਐਲਾਨ ਨਹੀਂ ਹੋਇਆ, ਜਿਸ ਨਾਲ ਬੱਚਿਆਂ ਵਿੱਚ ਪੇਪਰ ਲੀਕ ਨਾ ਹੋਣ ਦਾ ਭਰੋਸਾ ਵਧੇ, ਕੀ ਪੀ ਐੱਮ ਦਾ ਆਪਣਾ ਕੋਈ ਵਿਜ਼ਨ ਨਹੀਂ? ਪ੍ਰਧਾਨ ਮੰਤਰੀ ਦਾ ਇਹ ਬਿਆਨ ਇੱਕ ਹਾਰੇ ਹੋਏ, ਦਿਸ਼ਾਹੀਣ ਹੰਕਾਰੀ ਵਿਅਕਤੀ ਦਾ ਲੱਗਦਾ ਹੈ।