ਨਵੀਂ ਦਿੱਲੀ : ਗ੍ਰੇਟਰ ਨੋਇਡਾ ਦੀ ਇੱਕ ਰਿਹਾਇਸ਼ੀ ਕਾਲੋਨੀ ਵਿੱਚ ਬੋਰਿੰਗ ਦੇ ਕੰਮ ਲਈ ਪੁੱਟੇ ਗਏ ਪਾਣੀ ਨਾਲ ਭਰੇ ਖੱਡੇ ਵਿੱਚ ਅਚਾਨਕ ਡਿੱਗਣ ਕਾਰਨ ਇੱਕ 6 ਸਾਲਾ ਮਾਸੂਮ ਬੱਚੇ ਦੀ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 7 ਵਜੇ ਕਾਲਾਧਾਮ ਕਾਲੋਨੀ ‘ਚ ਉਸ ਸਮੇਂ ਵਾਪਰਿਆ, ਜਦੋਂ ਬੱਚਾ ਹੋਰ ਬੱਚਿਆਂ ਨਾਲ ਖੱਡੇ ਦੇ ਨੇੜੇ ਖੇਡ ਰਿਹਾ ਸੀ। ਖੇਡਦੇ ਸਮੇਂ ਬੱਚਾ ਅਚਾਨਕ ਖੱਡੇ ‘ਚ ਜਾ ਡਿੱਗਿਆ। ਪਰਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੋਰਿੰਗ ਦੇ ਕੰਮ ‘ਚ ਅਣਗਹਿਲੀ ਵਰਤਣ ਵਾਲੇ ਜ਼ਿੰਮੇਵਾਰ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।



