ਬਠਿੰਡਾ (ਬਖਤੌਰ ਢਿੱਲੋਂ/ਪਰਵਿੰਦਰਜੀਤ ਸਿੰਘ)
ਭਾਰਤ ਦੇ ਸਿੱਖਿਆ ਮੰਤਰੀ ਦੀ ਕੁਰਸੀ ਦੇ ਖੁਸਣ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਦੀ ਇੱਕ ਵਿਦਿਆਰਥਣ ਵੱਲੋਂ ਲਾਏ ਦੋਸ਼ਾਂ ਨੇ ਇਸ ਖਿੱਤੇ ਵਿੱਚ ਸਨਸਨੀ ਫੈਲਾ ਕੇ ਰੱਖ ਦਿੱਤੀ ਹੈ।
ਇੱਥੇ ਕੇਂਦਰੀ ਯੂਨੀਵਰਸਿਟੀ ਵਿਖੇ ਪੀ ਐੱਚ ਡੀ ਕਰ ਰਹੀ ਹਰਿਆਣਾ ਦੀ ਕੁੜੀ ਨੇ ਪ੍ਰੈੱਸ ਕਲੱਬ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਸ ਦਾ ਗਾਈਡ, ਜੋ ਬੌਟਨੀ ਵਿਭਾਗ ਦਾ ਮੁਖੀ ਵੀ ਹੈ, ਉਸ ਨੂੰ ਮੰਦ ਭਾਵਨਾ ਨਾਲ ਤੰਗ-ਪਰੇਸ਼ਾਨ ਕਰਦਾ ਆ ਰਿਹਾ ਹੈ। ਇਸ ਸੰਬੰਧੀ ਉਸ ਨੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਤੱਕ ਨੂੰ ਪੱਤਰ ਲਿਖੇ ਹਨ, ਪਰ ਅੱਜ ਤੱਕ ਉਸ ਨੂੰ ਕਿਤਿਓਂ ਵੀ ਇਨਸਾਫ ਨਹੀਂ ਮਿਲਿਆ। ਇਹ ਪੁੱਛਣ ‘ਤੇ ਕਿ ਉਹ ਉਸ ਨੂੰ ਕਿਉਂ ਤੰਗ-ਪਰੇਸ਼ਾਨ ਕਰ ਰਿਹਾ ਤਾਂ ਕੁੜੀ ਨੇ ਆਪਣੇ ਫੋਨ ‘ਚ ਰਿਕਾਰਡ ਕੀਤੀਆਂ ਹੋਈਆਂ ਕੁਝ ਅਜਿਹੀਆਂ ਗੱਲਾਂ ਮੀਡੀਆ ਨੂੰ ਸੁਣਾਈਆਂ, ਜਿਨ੍ਹਾਂ ਤੋਂ ਉਸ ਦੇ ਗਾਈਡ ਦੀਆਂ ਲਲਚਾਈਆਂ ਹੋਈਆਂ ਲਾਲਸਾਵਾਂ ਦੀ ਮੁਕੰਮਲ ਤੌਰ ‘ਤੇ ਪੁਸ਼ਟੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਕੇਂਦਰੀ ਯੂਨੀਵਰਸਿਟੀ ਦੀ ਬੁਨਿਆਦ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਵਿੱਚ ਰੱਖੀ ਗਈ ਸੀ ਅਤੇ ਇਸ ਦੇ ਪਹਿਲੇ ਵਾਈਸ ਚਾਂਸ ਡਾਕਟਰ ਜੈ ਰੂਪ ਸਿੰਘ ਸਨ, ਜਿਨ੍ਹਾ ਦਾ ਵਿਦਿਅਕ ਖੇਤਰ ਵਿੱਚ ਬਹੁਤ ਵੱਡਾ ਨਾਂਅ ਹੈ।
ਕੁੜੀ ਅਨੁਸਾਰ ਉਸ ਦਾ ਗਾਈਡ ਸਿਰਫ ਉਸ ਨੂੰ ਤੰਗ-ਪਰੇਸ਼ਾਨ ਕਰਨ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਉਸ ਨੇ ਹਰਿਆਣਾ ਵਿੱਚ ਸਥਿਤ ਉਸ ਕਾਲਜ, ਜਿਸ ਵਿੱਚ ਕਦੇ ਉਹ ਪੜ੍ਹਦੀ ਰਹੀ ਸੀ, ਦੀ ਪ੍ਰਿੰਸੀਪਲ ਜ਼ਰੀਏ ਉਸ ਦੇ ਪਿੰਡ ਵਿੱਚ ਵੀ ਉਸ ਬਾਰੇ ਗਲਤ ਪ੍ਰਚਾਰ ਕਰਵਾਇਆ, ਇੱਥੋਂ ਤੱਕ ਕਿ ਉਸ ਦੇ ਭਰਾ ਨਾਲ ਸੰਪਰਕ ਕਰਕੇ ਗਾਈਡ ਨੇ ਇਹ ਝੂਠੇ ਦੋਸ਼ ਵੀ ਮੜ੍ਹ ਦਿੱਤੇ ਕਿ ਉਸ ਦੀ ਭੈਣ ਇੱਕ ਸੈਕਸ ਸਿੰਡੀਕੇਟ ਨਾਲ ਜੁੜੀ ਹੋਈ ਹੈ। ਕੁੜੀ ਵੱਲੋਂ ਦਿਖਾਏ ਪੱਤਰਾਂ ‘ਚ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਭੇਜੇ ਇੱਕ ਪੱਤਰ ਰਾਹੀਂ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਅਸਮਰਥਤਾ ਜ਼ਾਹਰ ਕੀਤੀ ਗਈ ਕਿ ਮਾਮਲਾ ਕੇਂਦਰ ਨਾਲ ਸੰਬੰਧਤ ਹੋਣ ਕਰਕੇ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਪੱਖ ਜਾਨਣ ਲਈ ਜਦ ਵਿਭਾਗ ਮੁਖੀ ਬਿਨੇ ਕੁਮਾਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਲੰਮਾ ਸਮਾਂ ਤਾਂ ਉਸ ਨੇ ਫੋਨ ਹੀ ਅਟੈਂਡ ਨਹੀਂ ਕੀਤਾ, ਪਰ ਬਾਅਦ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਉਸ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਦੀ ਵਿਭਾਗੀ ਕਮੇਟੀ ਵੱਲੋਂ ਉਸ ਨੂੰ ਬੇਗੁਨਾਹ ਕਰਾਰ ਦਿੱਤਾ ਜਾ ਚੁੱਕਾ ਹੈ, ਜਦ ਕਿ ਬਠਿੰਡਾ ਪੁਲਸ ਇਸ ਮਾਮਲੇ ਦੀ ਫਿਲਹਾਲ ਪੜਤਾਲ ਕਰ ਰਹੀ ਹੈ। ਕੁੜੀ ਨੇ ਦੱਸਿਆ ਕਿ ਬਠਿੰਡਾ ਪੁਲਸ ਦੀ ਕਪਤਾਨ ਹਿਨਾ ਗੁਪਤਾ ਕੋਲ ਉਹ ਆਪਣਾ ਬਿਆਨ ਦਰਜ ਕਰਵਾ ਚੁੱਕੀ ਹੈ, ਪਰ ਅਜੇ ਤੱਕ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ।




