ਨਵੀ ਦਿੱਲੀ, (ਜਸਬੀਰ ਸਿੰਘ ਪੱਟੀ)-ਕਰੀਬ ਢਾਈ ਦਹਾਕਿਆਂ ਦੇ ਵਕਫੇ ਬਾਅਦ ਸ਼੍ਰੋਮਣੀ ਅਕਾਲ਼ੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਐਤਵਾਰ ਇੱਕ ਮੰਚ ’ਤੇ ਏਕਤਾ ਦੇ ਰੂਪ ਵਿੱਚ ਉਸ ਵੇਲੇ ਇਕੱਠੇ ਹੋਏ, ਜਦੋਂ ਪੰਥਕ ਆਗੂ ਡੱਡੂਆਂ ਦੀ ਪੰਸੇਰੀ ਵਾਂਗ ਖਿਲਰੇ ਪਏ ਹਨ ਅਤੇ ਦੋ ਵੱਡੇ ਅਕਾਲੀ ਦਲਾਂ ਦੀ ਏਕਤਾ ਤੋਂ ਬਾਅਦ ਬਾਕੀ ਖਿਲਰੇ-ਪੁਲਰੇ ਅਕਾਲੀ ਦਲਾਂ ਵਿੱਚ ਵੀ ਏਕਤਾ ਦਾ ਮੁੱਢ ਬੱਝ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਗ੍ਰਹਿ ਵਿਖੇ ਦੋ ਦਲਾਂ ਦੀ ਹੋਈ ਇਸ ਸਾਂਝੀ ਇਕੱਤਰਤਾ ਨੂੰ ਲੈ ਕੇ ਦੋਵਾਂ ਦਲਾਂ ਦੇ ਵਰਕਰਾਂ ਤੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਹਰ ਆਗੂ ਦੇ ਚਿਹਰੇ ’ਤੇ ਰੌਣਕ ਵੇਖਣ ਨੂੰ ਮਿਲੀ।
ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਨਾ ਭਰਾਵਾਂ ਨੂੰ ਆਪਣੇ ਬਜ਼ੁਰਗ ਦੱਸਦਿਆਂ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦਾ ਸਿਰੋਪਾ ਪਾ ਕੇ ਪ੍ਰਧਾਨ ਥਾਪਦਿਆ ਕਿਹਾ ਕਿ ਸਰਨਾ ਭਰਾ ਪੂਰੀ ਤਰ੍ਹਾਂ ਗੁਰ ਪੰਥ ਨੂੰ ਪਰਵਾਰ ਸਮੇਤ ਸਮਰਪਤ ਹਨ। ਉਹਨਾ ਕਿਹਾ ਕਿ ਸਰਨਾ ਇਕੱਲੇ ਦਿੱਲੀ ਦਾ ਹੀ ਨਹੀਂ, ਸਗੋਂ ਹੋਰ ਰਾਜਾਂ ਵਿੱਚ ਜਾ ਕੇ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਹਨਾ ਕਿਹਾ ਕਿ ਗੁਰਧਾਮਾਂ ਦੇ ਪ੍ਰਬੰਧ ਮਹੰਤਾਂ ਕੋਲੋਂ ਛੁਡਵਾਉਣ ਲਈ ਸਿੱਖਾਂ ਨੇ ਕੁਰਬਾਨੀਆਂ ਦੀ ਲੰਮੀ ਕਤਾਰ ਲਗਾ ਦਿੱਤੀ ਤੇ ਅੱਜ ਵੀ ਪੰਥ ਵਿਰੋਧੀ ਰਾਜਸ਼ੀ ਸ਼ਕਤੀਆਂ ਦੇ ਇਸ਼ਾਰਿਆਂ ’ਤੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਅਣਾ ਦੀ ਵੱਖਰੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰਕੇ ਮੁੜ ਮਹੰਤਾਂ ਦਾ ਪ੍ਰਬੰਧ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾ ਕਿਹਾ ਕਿ ਬਾਕੀ ਦਲਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੀ ਏਕਤਾ ਦੀ ਪਹਿਲਕਦਮੀ ਕਰਨ, ਤਾਂ ਕਿ ਪੰਥ ਨੂੰ ਮਜ਼ਬੂਤ ਕੀਤਾ ਜਾ ਸਕੇ।
ਸਰਨਾ ਨੇ ਕਿਹਾ ਕਿ ਬਾਦਲ ਦਲ ਨਾਲੋਂ ਉਹ ਉਸ ਵੇਲੇ ਅਲੱਗ ਹੋਏ ਸਨ, ਜਦੋਂ ਬਾਦਲ ਦਲ ਦੀ ਗੁੱਡੀ ਅਸਮਾਨੇ ਚੜ੍ਹੀ ਹੋਈ ਸੀ ਤੇ ਉਸ ਤੋਂ ਬਾਅਦ ਹੀ ਉਹਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਗਠਨ ਕੀਤਾ ਸੀ, ਜਿਸ ਦੇ ਝੰਡੇ ਹੇਠ ਉਹ ਹੁਣ ਤੱਕ ਕਈ ਚੋਣਾਂ ਲੜ ਚੁੱਕੇ ਹਨ। ਉਹਨਾ ਕਿਹਾ ਕਿ ਅੱਜ ਫਿਰ ਦੋ ਦਲਾਂ ਦੇ ਆਗੂ ਇੱਕ ਮੰਚ ’ਤੇ ਇਕੱਠੇ ਹੋ ਕੇ ‘ਏਕਤਾ’ ਦੀ ਬਾਤ ਪਾ ਰਹੇ ਹਨ ਤੇ ਇਹ ਏਕਤਾ ਓਨੀ ਹੀ ਜ਼ਰੂਰੀ ਹੈ, ਜਿੰਨੀ ਇਸ ਸਮੇਂ ਇਸ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਹਨਾ ਕਿਹਾ ਕਿ ਪੰਥਕ ਏਕਤਾ ਲਈ ਉਹ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹਨ। ਉਹਨਾ ਅਕਾਲੀ ਦਲ ਨਹੀ ਛੱਡਿਆ, ਸਗੋਂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਵਿੱਚੋਂ ਕਢਵਾਇਆ ਸੀ, ਪਰ ਅੱਜ ਉਹ ਹਾਸ਼ੀਏ ’ਤੇ ਵੀ ਨਜ਼ਰ ਨਹੀਂ ਆਉਦੇ। ਉਹਨਾ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਅਵੱਗਿਆ ਨਹੀਂ ਹੋਣ ਦੇਣਗੇ। ਸਮਾਗਮ ਨੂੰ ਸ਼੍ਰੋਮਣੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਧਾਮਾਂ ਦੀ ਅਜ਼ਾਦੀ ਲਈ ਸਿੱਖ ਨੌਜਵਾਨ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇ। ਹਰਿਆਣਾ ਕਮੇਟੀ ਦਾ ਮਨਸੂਬਾ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਬੀਬੀ ਰਣਜੀਤ ਕੌਰ, ਗੁਰਮੀਤ ਸਿੰਘ ਸ਼ੰਟੀ, ਬਲਦੇਵ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਤੇ ਦਿੱਲੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਰਾਣੀ ਬਾਗ ਨੇ ਵੀ ਸੰਬੋਧਨ ਕੀਤਾ।
ਹਰਵਿੰਦਰ ਸਿੰਘ ਸਰਨਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਕਿਹਾ ਕਿ ਪੰਥਕ ਏਕਤਾ ਸਮੇਂ ਦੀ ਸਖਤ ਲੋੜ ਹੈ ਅਤੇ ਪੰਥ ਦੋਖੀ ਤਾਕਤਾਂ ਨਾਲ ਲੜਨ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਭੁਪਿੰਦਰ ਸਿੰਘ ਸਰਨਾ, ਪ੍ਰਭਜੀਤ ਸਿੰਘ ਸਰਨਾ, ਹਰਪਾਲ ਸਿੰਘ ਸਰਨਾ, ਮਨਜੀਤ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਇੰਦਰਜੀਤ ਸਿੰਘ ਸੰਤਗੜ੍ਹ, ਰਮਨਦੀਪ ਸਿੰਘ ਸੋਨੂੰ, ਤੇਜਿੰਦਰ ਸਿੰਘ ਗੋਪਾ ਮੈਂਬਰ ਦਿੱਲੀ ਕਮੇਟੀ, ਹਰਜੋਤ ਸਿੰਘ ਸ਼ਾਹ (ਸਿੱਖੀ ਚੈਨਲ ਵਾਲੇ) ਆਦਿ ਵੀ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਦਿੱਲੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।




