ਕਰਜ਼ਾ ਚੁੱਕਣ ‘ਚ ਪੰਜਾਬ 12ਵੇਂ ਨੰਬਰ ‘ਤੇ

0
15

ਚੰਡੀਗੜ੍ਹ : 10.42 ਲੱਖ ਕਰੋੜ ਦਾ ਕਰਜ਼ਾ ਚੁੱਕ ਕੇ ਤਾਮਿਲਨਾਡੂ ਪਹਿਲੇ ਨੰਬਰ ‘ਤੇ ਹੈ। ਪੰਜਾਬ ਦਾ ਦੇਸ਼-ਭਰ ‘ਚੋਂ 12ਵਾਂ ਨੰਬਰ ਹੈ, ਜਿਸ ‘ਤੇ ਮਾਰਚ 2026 ਤੱਕ 4.13 ਲੱਖ ਕਰੋੜ ਦਾ ਕਰਜ਼ਾ ਸੀ। ਮਾਰਚ 2026 ਤੱਕ ਸਭ ਤੋਂ ਘੱਟ ਕਰਜ਼ਾ 14,516 ਕਰੋੜ ਮਿਜ਼ੋਰਮ ‘ਤੇ ਸੀ। ਕੇਂਦਰੀ ਵਿੱਤ ਮੰਤਰਾਲੇ ਮੁਤਾਬਕ ਬਿਹਾਰ ‘ਤੇ 4.03 ਲੱਖ ਕਰੋੜ, ਹਰਿਆਣਾ ‘ਤੇ 4.02 ਲੱਖ ਕਰੋੜ ਦਾ ਕਰਜ਼ਾ ਹੈ। ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸ ‘ਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। 8.83 ਲੱਖ ਕਰੋੜ ਨਾਲ ਯੂ ਪੀ ਤੀਜੇ ਨੰਬਰ ‘ਤੇ ਹੈ। 8.14 ਲੱਖ ਕਰੋੜ ਨਾਲ ਕਰਨਾਟਕ ਚੌਥੇ ਨੰਬਰ ‘ਤੇ ਹੈ।
ਕਾਂਗਰਸ ਦੇ ਤਿੰਨ ਵੱਡੇ ਸਿਰ ਜੁੜੇ
ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਮੰਗਲਵਾਰ ਇੱਥੇ ਹੋਈ ਗੁਪਤ ਮੀਟਿੰਗ ਦੀ ਪੰਜਾਬ ਦੇ ਕਾਂਗਰਸੀ ਹਲਕਿਆਂ ਵਿੱਚ ਕਾਫੀ ਚਰਚਾ ਹੈ। ਕਥਿਤ ਤੌਰ ‘ਤੇ ਰੰਧਾਵਾ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਹੋਈ ਮੀਟਿੰਗ ਇੱਕ ਮੀਡੀਆ ਏਜੰਸੀ ਦੇ ਮਾਲਕ ਵੱਲੋਂ ਕਰਵਾਈ ਗਈ ਦੱਸੀ ਗਈ ਹੈ, ਜੋ ਪਾਰਟੀ ਆਗੂਆਂ ਨਾਲ ਕੰਮ ਕਰਦਾ ਰਿਹਾ ਹੈ।
ਧਮਾਕੇ ਨਾਲ ਫੋਰਮੈਨ ਦੀ ਮੌਤ
ਪਠਾਨਕੋਟ : ਸਰਨਾ ਸਥਿਤ ਛੋਟੀ ਨਹਿਰ ਨੇੜੇ ਵਰਕਸ਼ਾਪ ਵਿੱਚ ਵੈਲਡਿੰਗ ਕਰਦਿਆਂ ਟੈਂਕਰ ਵਿੱਚ ਧਮਾਕੇ ਨਾਲ ਬਲਸੂਆ ਦੇ 60 ਸਾਲਾ ਫੋਰਮੈਨ ਦੌਲਤ ਰਾਮ ਦੀ ਮੌਤ ਹੋ ਗਈ, ਜਦਕਿ ਉਸ ਦਾ ਇੱਕ ਸਾਥੀ ਮੁਲਾਜ਼ਮ ਜ਼ਖ਼ਮੀ ਹੋ ਗਿਆ। ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਟੈਂਕਰ ਦੇ ਪਰਖਚੇ ਉੱਡ ਕੇ ਦੂਰ-ਦੂਰ ਤੱਕ ਖਿੱਲਰ ਗਏ।
ਬਜ਼ੁਰਗ ਮਹਿਲਾ ਦੀ ਮੌਤ
ਲੰਬੀ : ਪਿੰਡ ਪੱਕੀ ਟਿੱਬੀ ਵਿੱਚ ਮੋਹਲੇਧਾਰ ਮੀਂਹ ਕਾਰਨ ਤੜਕੇ ਕਰੀਬ ਪੰਜ ਵਜੇ ਛੱਤ ਤੇ ਗਾਰਡਰ ਡਿੱਗਣ ਨਾਲ 75 ਸਾਲਾ ਕੁਲਵੰਤ ਕੌਰ ਪਤਨੀ ਗੁਰਦਾਸ ਸਿੰਘ ਦੀ ਮੌਤ ਹੋ ਗਈ। ਤੇਜ਼ ਮੀਂਹ ਕਾਰਨ ਛੱਤ ਝੜਨ ਲੱਗੀ ਤਾਂ ਕੁਲਵੰਤ ਕੌਰ, ਉਸ ਦਾ ਬੇਟਾ ਸੁਰਿੰਦਰ ਸਿੰਘ ਤੇ ਨੂੰਹ ਘਰ ਦਾ ਸਾਮਾਨ ਬਚਾਉਣ ਲਈ ਇੱਧਰ-ਉੱਧਰ ਕਰਨ ਲੱਗੇ। ਸੁਰਿੰਦਰ ਸਿੰਘ (ਜੋ ਕਿ ਕਾਰ ਮਕੈਨਿਕ ਹੈ) ਅਤੇ ਉਸ ਦੀ ਪਤਨੀ ਕੁਝ ਪਲ ਪਹਿਲਾਂ ਹੀ ਇਨਵਰਟਰ ਬੰਦ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਗਏ ਸਨ, ਪਰ ਕੁਲਵੰਤ ਕੌਰ ਬਾਹਰ ਨਿਕਲਦੇ ਸਮੇਂ ਮਲਬੇ ਦੀ ਲਪੇਟ ਵਿੱਚ ਆ ਗਈ।