ਕੀਵ : ਰੂਸ ਨੇ ਸੋਮਵਾਰ ਸਵੇਰੇ ਯੂਕਰੇਨ ’ਤੇ ਇਕ ਦੇ ਬਾਅਦ ਇਕ 75 ਮਿਜ਼ਾਈਲ ਹਮਲੇ ਕੀਤੇ। ਇਸ ਨਾਲ ਯੂਕਰੇਨ ਦਾ ਪਾਰਕੋਵੀ ਪੁਲ ਤਬਾਹ ਹੋ ਗਿਆ। ਇਹ ਪੁਲ ਨਾਈਪਰ ਨਦੀ ’ਤੇ ਪੈਦਲ ਯਾਤਰੀਆਂ ਲਈ ਬਣਾਇਆ ਗਿਆ ਸੀ।
ਦਰਅਸਲ ਸ਼ਨੀਵਾਰ ਯੂਕਰੇਨ ਨੇ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਕਰਚ ਰੇਲਵੇ ਪੁਲ ਨੂੰ ਤਬਾਹ ਕਰ ਦਿੱਤਾ ਸੀ। ਇਸ ਦੌਰਾਨ ਤਿੰਨ ਵਿਅਕਤੀ ਮਾਰੇ ਗਏ ਸਨ। ਇਸ ਪੁਲ ਨੂੰ ਕ੍ਰੀਮੀਆ ਉੱਤੇ ਰੂਸ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ। ਇਸ ਦੇ ਬਾਅਦ ਹੀ ਰੂਸੀ ਰਾਸ਼ਟਰਪਤੀ ਪੂਤਿਨ ਨੇ ਯੂਕਰੇਨੀ ਰਾਜਧਾਨੀ ਕੀਵ ’ਤੇ ਦੁਬਾਰਾ ਹਮਲਾ ਕੀਤਾ ਹੈ।
ਰੂਸ ਨੇ ਸਵੇਰੇ ਸਾਢੇ ਚਾਰ ਵਜੇ ਜਾਪੋਰਿਜੀਆ ’ਤੇ ਮਿਜ਼ਾਈਲ ਹਮਲਾ ਕੀਤਾ। ਰੂਸ-ਯੂਕਰੇਨ ਵਿਚਾਲੇ ਫਰਵਰੀ ਦੇ ਅਖੀਰ ਵਿਚ ਜੰਗ ਸ਼ੁਰੂ ਹੋਈ ਸੀ ਤੇ 229ਵੇਂ ਦਿਨ ਇਹ ਰੂਸ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਕੀਵ ਦੇ ਇਲਾਵਾ ਲਵੀਵ, ਜ਼ਿਤੋਮੀਰ, ਖਾਮੇਨਿਲੀਤਸਕੀ, ਦੈਨਪ੍ਰੋ, ਮਾਯਕੋਲੀਵ ਤੇ ਤੇਰਨੋਪਿਲ ਸ਼ਹਿਰਾਂ ’ਤੇ ਮਿਜ਼ਾਈਲਾਂ ਸੁੱਟੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਰੂਸ ਧਰਤੀ ਤੋਂ ਉਨ੍ਹਾ ਦਾ ਨਾਮੋਨਿਸ਼ਾਨ ਮਿਟਾ ਦੇਣਾ ਚਾਹੁੰਦਾ ਹੈ।



