ਮਨੁੱਖ ਇਨਕਲਾਬ ਕਰਦਾ ਹੈ, ਪਰ ਹਮੇਸ਼ਾ ਆਪਣੀ ਪਸੰਦ ਦੀਆਂ ਹਾਲਤਾਂ ਵਿੱਚ ਨਹੀਂ…

0
5

ਨਵੀਂ ਦਿੱਲੀ (ਨ ਜ਼ ਸ)
ਜੰਤਰ-ਮੰਤਰ ਵਿਖੇ ਪ੍ਰੋਟੈੱਸਟ ਖਤਮ ਹੋਣ ਤੋਂ ਬਾਅਦ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੀ ਪ੍ਰਧਾਨ ਨੇਹਾ ਬੋਰਾ ਨੇ ਕਿਹਾ ਹੈ ਕਿ ਵਿਦਿਆਰਥੀ ਅੰਦੋਲਨ ਅਜੇ ਖਤਮ ਨਹੀਂ ਹੋਇਆ। ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਟੈਲੀਗ੍ਰਾਫ’ ਨਾਲ ਇੰਟਰਵਿਊ ਵਿੱਚ ਉਸ ਨੇ ਅੰਦੋਲਨ ਤੇ ਸਿੱਖਿਆ ਪ੍ਰਣਾਲੀ ਨਾਲ ਸੰਬੰਧਤ ਕਈ ਸਵਾਲਾਂ ਦੇ ਜਵਾਬ ਦਿੱਤੇ।
ਸਵਾਲ : ਤੁਸੀਂ 23 ਦਿਨ ਭੁੱਖ ਹੜਤਾਲ ਕੀਤੀ। ਲੋਕ ਸੋਚਦੇ ਹੋਣਗੇ ਕਿ ਤੁਸੀਂ ਹੁਣ ਆਰਾਮ ਕਰ ਰਹੇ ਹੋਵੋਗੇ, ਪਰ ਪ੍ਰੋਟੈੱਸਟ ਖਤਮ ਹੋਣ ਦੇ ਬਾਅਦ ਵੀ ਤੁਸੀਂ ਰੁੱਝੇ ਹੋਏ ਹੋ, ਅਜਿਹਾ ਕਿਉਂ ਹੈ?
ਜਵਾਬ : ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਕਾਰਨ। ਉਹ ਭਰੋਸਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾ ਰਹੀ। ਇਸੇ ਲਈ ਮੈਨੂੰ ਪਟਨਾ ਜਾਣਾ ਪਿਆ, ਕਿਉਂਕਿ ਉੱਥੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਵਾਲ : ਤੁਸੀਂ ਬਿਹਾਰ ਵਿੱਚ ਕੀ ਦੇਖਿਆ?
ਜਵਾਬ : ਪਹਿਲਾਂ ਅਸੀਂ ਬੇਉਰ ਜੇਲ੍ਹ ਗਏ, ਜਿੱਥੇ ਜ਼ਿਆਦਾਤਰ ਗ੍ਰਿਫਤਾਰ ਕੀਤੇ ਗਏ ਵਿਦਿਆਰਥੀ ਸਨ। ਸਾਨੂੰ ਪਤਾ ਲੱਗਾ ਕਿ 24 ਜੁਲਾਈ ਨੂੰ ਹਿਰਾਸਤ ਵਿੱਚ ਲਏ ਗਏ ਵਿਦਿਆਰਥੀਆਂ ਨੂੰ 24 ਘੰਟੇ ਪੁਲਸ ਹਿਰਾਸਤ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗਿਆ, ਸਭ ਤੋਂ ਲੰਮੇ ਸਮੇਂ ਤੱਕ ਵਾਸ਼ਰੂਮ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਉਸੇ ਰਾਤ ਹੋਰ ਲੋਕਾਂ ਨੂੰ ਬੇਉਰ ਜੇਲ੍ਹ ਵਿੱਚ ਲਿਆਂਦਾ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਬਿਹਾਰ ਪੁਲਸ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਸੀਵਾਨ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਏ ਕੇ-47 ਨਾਲ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਉਨ੍ਹਾਂ ਹੁਣ ਸਵੀਕਾਰ ਕਰ ਲਿਆ ਹੈ ਕਿ ਇੱਕ ਏ ਕੇ-47 ਨਾਲ ਗੋਲੀ ਚਲਾਈ ਗਈ ਸੀ। ਅਸੀਂ ਦੋ ਵਿਦਿਆਰਥੀਆਂ ਨੂੰ ਮਿਲੇ, ਜਿਨ੍ਹਾਂ ‘ਤੇ ਗੋਲੀ ਚਲਾਈ ਗਈ ਸੀ। ਉਨ੍ਹਾਂ ਵਿੱਚੋਂ ਇੱਕ ਆਪਣਾ ਹੱਥ ਨਹੀਂ ਹਿਲਾ ਸਕਦਾ ਅਤੇ ਨਾ ਹੀ ਆਪਣੀਆਂ ਉਂਗਲਾਂ ਨੂੰ ਮੋੜ ਸਕਦਾ ਹੈ। ਦੂਜੇ ਦੀ ਲੱਤ ਵਿੱਚੋਂ ਗੋਲੀ ਨਿਕਲ ਗਈ ਸੀ। ਉਹ ਤੁਰਨ ਦੇ ਯੋਗ ਨਹੀਂ। ਦੁਬਾਰਾ ਤੁਰਨ ਤੋਂ ਪਹਿਲਾਂ ਉਸ ਦੀਆਂ ਦੋ ਹੋਰ ਸਰਜਰੀਆਂ ਕਰਨ ਦੀ ਲੋੜ ਹੈ। ਅਸੀਂ ਡੀ ਜੀ ਪੀ ਨੂੰ ਮਿਲੇ। ਉਨ੍ਹਾ ਸਾਨੂੰ ਪੁਲਸ ਨੂੰ ਦਿੱਤੇ ਕੁਝ ਆਦੇਸ਼ ਦਿਖਾਏ, ਜਿਸ ਤਹਿਤ ਪੂਰੇ ਬਿਹਾਰ ਤੋਂ ਲਗਭਗ 600 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸਵਾਲ : ਤੁਹਾਡੇ ਪ੍ਰੋਟੈੱਸਟ ਵਾਲੇ ਭਾਸ਼ਣ ਵਾਇਰਲ ਹੋ ਗਏ। ਸ਼ਕਤੀਸ਼ਾਲੀ ਸਿਆਸੀ ਭਾਸ਼ਣ, ਉਪਦੇਸ਼ ਬਹੁਤ ਘੱਟ ਮਿਲਦੇ ਹਨ।
ਜਵਾਬ : ਮੈਨੂੰ ਲੱਗਦਾ ਹੈ ਕਿ ਇਸ ਦਾ ਸ਼ਾਇਦ ਇਸ ਤੱਥ ਨਾਲ ਕੋਈ ਸੰਬੰਧ ਹੈ ਕਿ ਮੈਂ ਥੀਏਟਰ ਕਰਦੀ ਸੀ। ਮੈਂ ਅਜੇ ਵੀ ਥੀਏਟਰ ਦੀ ਵਿਦਿਆਰਥਣ ਹਾਂ ਅਤੇ ਬੇਸ਼ੱਕ ਅਸੀਂ ਖੱਬੇ-ਪੱਖੀ ਕਾਰਕੁੰਨ ਹਾਂ। ਇਸ ਲਈ ਕੁਝ ਸਰੋਤ ਹਨ, ਜਿਨ੍ਹਾਂ ਦੇ ਆਧਾਰ ‘ਤੇ ਤੁਸੀਂ ਇੱਕ ਕਾਰਕੁਨ ਬਣਦੇ ਹੋ ਅਤੇ ਫਿਰ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਹੋ, ਕੀ ਬੋਲਦੇ ਹੋ, ਇਸ ਬਾਰੇ ਯਕੀਨ ਦਿਵਾਉਂਦੇ ਹੋ। ਤੁਸੀਂ ਉਹੀ ਸਵਾਲਾਂ ਵਾਲੇ ਨਵੇਂ ਲੋਕਾਂ ਨੂੰ ਮਿਲਦੇ ਹੋ। ਤੁਸੀਂ ਸੁਣਨਾ ਸਿੱਖਦੇ ਹੋ ਕਿ ਲੋਕ ਅਸਲ ਵਿੱਚ ਕੀ ਪੁੱਛ ਰਹੇ ਹਨ, ਉਨ੍ਹਾਂ ਸਵਾਲਾਂ ਦੇ ਪਿੱਛੇ ਕੀ ਸਵਾਲ ਹਨ।
ਸਵਾਲ : ਕੀ ਤੁਸੀਂ ਇਸ ਬਾਰੇ ਵਿਸਥਾਰ ਨਾਲ ਦੱਸ ਸਕਦੇ ਹੋ?
ਜਵਾਬ : ਲਗਭਗ ਹਰ ਕੋਈ ਪੁੱਛ ਰਿਹਾ ਹੈ ਕਿ ਪ੍ਰੋਟੈੱਸਟ ਬਹੁਤ ਜਲਦੀ ਖਤਮ ਹੋ ਗਏ, ਪਰ ਉਹ ਅਸਲ ਵਿੱਚ ਇਹ ਪੁੱਛ ਰਹੇ ਹਨ ਕਿ ਕੀ ਵੱਖ-ਵੱਖ ਰਾਜਾਂ ਵਿੱਚ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਛੱਡ ਦਿੱਤਾ ਜਾਵੇਗਾ ਜਾਂ ਨਹੀਂ। ਇਹ ਸੱਚ ਹੈ ਕਿ ਮੁਸਲਮ ਵਿਦਿਆਰਥੀਆਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਲੋਕ ਹਨ, ਜੋ ਤੁਹਾਡੇ ਤੋਂ ਇਹ ਸੁਣਨਾ ਚਾਹੁੰਦੇ ਹਨ ਕਿ ਸਾਰੀਆਂ ਜਾਨਾਂ ਮਹੱਤਵਪੂਰਨ ਹਨ। ਸਾਰੇ ਵਿਦਿਆਰਥੀਆਂ ਦੀ ਰਿਹਾਈ ਮਹੱਤਵਪੂਰਨ ਹੈ।
ਸਵਾਲ : ਤੁਸੀਂ ਇੱਕ ਅਜਿਹੀ ਲਹਿਰ ਦਾ ਹਿੱਸਾ ਬਣੇ, ਜੋ ਸ਼ਾਇਦ ਇਤਿਹਾਸ ਵਿੱਚ ਖੱਬੇ-ਪੱਖੀ ਸਿਆਸੀ ਲਹਿਰ ਵਜੋਂ ਦਰਜ ਨਹੀਂ ਹੋਵੇਗੀ, ਪਰ ਤੁਸੀਂ ਅਤੇ ਤੁਹਾਡੇ ਸਾਥੀ ਇਸ ਦਾ ਇੱਕ ਵੱਡਾ ਹਿੱਸਾ ਸੀ।
ਜਵਾਬ : ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਦੇ ਸਿਧਾਂਤ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਅੰਦੋਲਨ ਵਿੱਚ ਸਾਡੀ ਭਾਗੀਦਾਰੀ ਦੇ ਵਿਰੁੱਧ ਸਨ। ਇਸ ਪ੍ਰੋਟੈੱਸਟ ਵਿੱਚ ਹਿੱਸਾ ਲੈਣ ਲਈ ਬਹੁਤ ਜ਼ੋਰਦਾਰ ਉਤਸ਼ਾਹ ਸੀ। ਏ ਆਈ ਐੱਸ ਏ ਪਹਿਲੇ ਵਿਦਿਆਰਥੀ ਸੰਗਠਨਾਂ ਵਿੱਚੋਂ ਇੱਕ ਸੀ, ਜਿਸ ਨੇ ਮਹਿਸੂਸ ਕੀਤਾ ਕਿ ਜ਼ਮੀਨੀ ਪੱਧਰ ‘ਤੇ ਵਾਈਬ੍ਰੇਸ਼ਨ ਹੋ ਰਹੀ ਹੈ, ਜਿੱਥੋਂ ਸੀ ਜੇ ਪੀ ਦਾ ਸੱਦਾ ਕੁਝ ਹੋਰ ਬਣਨ ਜਾ ਰਿਹਾ ਹੈ। ਹਾਂ, ਗਿਣਤੀ ਸਾਡੀ ਉਮੀਦ ਨਾਲੋਂ ਬਹੁਤ ਜ਼ਿਆਦਾ ਸੀ, ਪਰ ਸਾਡੇ ਵਿੱਚੋਂ ਕੋਈ ਵੀ ਹੈਰਾਨ ਨਹੀਂ ਸੀ ਕਿ ਏਨੇ ਸਾਰੇ ਲੋਕ ਗੁੱਸੇ ਵਿੱਚ ਹਨ, ਏਨੇ ਸਾਰੇ ਲੋਕ ਉਸ ਢੰਗ-ਤਰੀਕੇ ਤੋਂ ਨਿਰਾਸ਼ ਹਨ, ਜੋ ਸਰਕਾਰ ਵਰਤ ਰਹੀ ਹੈ।
ਸਵਾਲ : ਏਨੀ ਨਿਗਰਾਨੀ ਦੇ ਬਾਵਜੂਦ ਇਸ ਸਮੇਂ ਪ੍ਰੋਟੈੱਸਟ ਕਰਨ ਦਾ ਕੀ ਅਰਥ ਹੈ?
ਜਵਾਬ : ਜੇ ਸਾਡੇ ‘ਤੇ ਬਹੁਤ ਜ਼ਿਆਦਾ ਨਿਗਰਾਨੀ ਹੈ, ਜੇ ਬਹੁਤ ਜ਼ਿਆਦਾ ਦਮਨ ਹੈ, ਜੇ ਦਫਤਰਾਂ ਅਤੇ ਯੂਨੀਵਰਸਿਟੀਆਂ ਤੋਂ ਲੋਕਾਂ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਨਾ ਬਣਨ ਲਈ ਕਿਹਾ ਜਾਂਦਾ ਹੈ, ਤਾਂ ਸਾਨੂੰ ਇਸ ਦਾ ਬਹਾਦਰੀ ਨਾਲ ਟਾਕਰਾ ਕਰਨਾ ਪਵੇਗਾ ਅਤੇ ਇਨ੍ਹਾਂ ਪ੍ਰੋਟੈੱਸਟਾਂ ਦਾ ਹਿੱਸਾ ਬਣਨਾ ਪਵੇਗਾ। ਮਾਰਕਸ ਨੇ ਕਿਹਾ ਹੈ : ਮਨੁੱਖ ਇਨਕਲਾਬ ਕਰਦਾ ਹੈ, ਪਰ ਹਮੇਸ਼ਾ ਆਪਣੀ ਪਸੰਦ ਦੀਆਂ ਹਾਲਤਾਂ ਵਿੱਚ ਨਹੀਂ।
ਸਵਾਲ : ਪਰ ਕੋਈ ਇਸ ਸਭ ਨਾਲ ਕਿਵੇਂ ਲੜ ਸਕਦਾ ਹੈ?
ਜਵਾਬ : ਮੈਂ ਜੇ ਐੱਨ ਯੂ ਤੋਂ ਹਾਂ, ਜਿਸ ਨੇ ਪ੍ਰੋਟੈੱਸਟ ਵਿੱਚ ਹਿੱਸਾ ਲੈਣ ਵਿਰੁੱਧ ਸਰਕੂਲਰ ਜਾਰੀ ਕੀਤਾ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਡੀ ਯੂ ਤੋਂ ਸਨ ਅਤੇ ਡੀ ਯੂ ਨੇ ਵੀ ਇੱਕ ਸਰਕੂਲਰ ਜਾਰੀ ਕੀਤਾ ਸੀ, ਪਰ ਚੋਣ ਸਾਡੀ ਹੈ। ਅਸੀਂ ਉਨ੍ਹਾਂ ਸਰਕੂਲਰਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਸਾਡੀਆਂ ਯੂਨੀਵਰਸਿਟੀਆਂ ਬਾਲਗਾਂ ਨੂੰ ਏਨਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਦੋਂ ਇੱਕ ਪੀੜ੍ਹੀ ਨੂੰ ਤੁਸੀਂ ਬੁਰੀ ਤਰ੍ਹਾਂ ਕੁੱਟਿਆ, ਪੈਲੇਟ ਬੰਦੂਕਾਂ ਚਲਾਈਆਂ ਅਤੇ ਉਨ੍ਹਾਂ ਦੇ ਹੌਸਲੇ ਨੂੰ ਤੋੜਨ ਲਈ ਹਰ ਹਰਬਾ ਵਰਤਿਆ, ਤਾਂ ਯੂਨੀਵਰਸਿਟੀ ਦਾ ਇੱਕ ਸਰਕੂਲਰ ਸ਼ਾਇਦ ਹੀ ਆਖਰੀ ਤਿਣਕਾ ਹੁੰਦਾ, ਜਿਸ ਤੋਂ ਬਾਅਦ ਅਸੀਂ ਘਰ ਵਾਪਸ ਆ ਜਾਂਦੇ। ਜੇ ਅਸੀਂ ਆਪਣੇ ਭਵਿੱਖ ਲਈ ਹੁਣ ਨਹੀਂ ਲੜਦੇ, ਤਾਂ ਕੋਈ ਭਵਿੱਖ ਨਹੀਂ ਹੋਵੇਗਾ।
ਸਵਾਲ: ਭਾਰਤ ਇਸ ਤਰ੍ਹਾਂ ਉਮਰ ਖਾਲਿਦ ਲਈ ਕਿਉਂ ਇਕੱਠਾ ਨਹੀਂ ਹੋ ਸਕਿਆ?
ਜਵਾਬ : ਬਹੁਤ ਸਾਰੇ ਲੋਕ ਇਕੱਠੇ ਹੋਏ, ਪਰ ਜਦੋਂ ਉਮਰ ਖਾਲਿਦ ਨੂੰ ਦੇਸ਼-ਵਿਰੋਧੀ ਕਿਹਾ ਜਾ ਰਿਹਾ ਸੀ, ਜਦੋਂ ਉਸ ਅਤੇ ਹੋਰ ਵਿਦਿਆਰਥੀਆਂ ਵਿਰੁੱਧ ਟੈਲੀਵਿਜ਼ਨ ਮੁਕੱਦਮੇ ਚੱਲ ਰਹੇ ਸਨ, ਤਾਂ ਲੋਕਾਂ ਨੇ ਤਾੜੀਆਂ ਵਜਾਈਆਂ। ਵਿਰੋਧੀ ਪਾਰਟੀਆਂ ਅਤੇ ਸਿਵਲ ਸਮਾਜ ਦੇ ਉਨ੍ਹਾਂ ਵਰਗਾਂ ਨੇ ਵੀ, ਜਿਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਸੀ, ਕੁਝ ਨਹੀਂ ਕੀਤਾ। ਉਨ੍ਹਾਂ ਇਸ ਮੁੱਦੇ ਨੂੰ ਅਛੂਤ ਸਮਝਿਆ। ਉਨ੍ਹਾਂ ਨੇ ਅਜਿਹੇ ਮੁੱਦਿਆਂ ਨੂੰ ਅਛੂਤ ਹੋਣ ਦਿੱਤਾ। ਕਿਸੇ ਨੂੰ ਦੇਸ਼ ਵਿਰੋਧੀ ਕਹਿਣਾ ਆਮ ਹੋ ਗਿਆ ਹੈ। ਉਮਰ ਖਾਲਿਦ ਨੂੰ ਅੱਤਵਾਦੀ ਕਹਿਣਾ ਆਮ ਹੋ ਜਾਂਦਾ ਹੈ ਅਤੇ ਉਸ ਦਾ ਜੇਲ੍ਹ ਵਿੱਚ ਹੋਣਾ ਆਮ ਹੋ ਜਾਂਦਾ ਹੈ ਅਤੇ ਫਿਰ ਉਸ ਦੀ ਰਿਹਾਈ ਦੀ ਮੰਗ ਕਰਨਾ ਅਸਧਾਰਨ ਹੋ ਜਾਂਦਾ ਹੈ। ਅਸਲ ਵਿੱਚ ਉਸ ਦੀ ਰਿਹਾਈ ਦੀ ਮੰਗ ਕਰਨਾ ਰਾਸ਼ਟਰ ਵਿਰੋਧੀ ਹੋ ਜਾਂਦਾ ਹੈ। ਇਸ ਲਈ ਇਹ ਚੰਗਾ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਦੇਸ਼-ਵਿਰੋਧੀ ਜਾਂ ਪਾਕਿਸਤਾਨੀ ਕਹਿਣਾ ਅਸ਼ਲੀਲ ਬਣਾ ਦਿੱਤਾ। ਇਸ ਨੇ ਸਰਕਾਰ ਨੂੰ ਉਨ੍ਹਾਂ ਨੂੰ ਅਜਿਹਾ ਕਹਿਣ ਲਈ ਅਲੋਕਪ੍ਰਿਯ ਬਣਾ ਦਿੱਤਾ।